ਸਰਨਿਆਂ ਵਲੋਂ ਮੁੜ ਦਿੱਲੀ ਗੁਰਦੁਵਾਰਾ ਕਮੇਟੀ ਦੇ ਫ਼ੰਡਾਂ ਵਿਚ ਲੱਖਾਂ ਦੇ ਘਪਲੇ ਦਾ ਦੋਸ਼
ਨਵੀਂ ਦਿੱਲੀ : ਗੁਰਦੁਵਾਰਾ ਫ਼ੰਡਾਂ ਵਿਚ ਅਖਉਤੀ ਹੇਰਾ ਫੇਰੀ ਦੇ ਮਾਮਲੇ ਵਿਚ ਅੱਜ ਮੁੜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਕੱਤਰ...
ਨਵੀਂ ਦਿੱਲੀ : ਗੁਰਦੁਵਾਰਾ ਫ਼ੰਡਾਂ ਵਿਚ ਅਖਉਤੀ ਹੇਰਾ ਫੇਰੀ ਦੇ ਮਾਮਲੇ ਵਿਚ ਅੱਜ ਮੁੜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਗੁਰਦਵਾਰਾ ਕਮੇਟੀ ਨੂੰ ਘੇਰ ਕੇ, ਲੱਖਾਂ ਦੇ ਅਖਉਤੀ ਫ਼ਰਜ਼ੀ ਬਿੱਲਾਂ ਰਾਹੀਂ ਬਾਦਲਾਂ ਵਲੋਂ ਆਪਣੇ ਚਹੇਤਿਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਦੋਸ਼ ਲਾਏ ਹਨ ਤੇ ਕਿਹਾ ਭਾਜਪਾ ਬਾਦਲਾਂ ਨੂੰ ਬਚਾਅ ਰਹੀ ਹੈ।
ਅੱਜ ਇਥੇ ਸੱਦੀ ਪੱਤਰਕਾਰ ਮਿਲਣੀ ਵਿਚ ਸਰਨਾ ਭਰਾਵਾਂ ਨੇ ਕੁੱਝ ਦਸਤਾਵੇਜ਼ ਜਾਰੀ ਕਰ ਕੇ, ਦਾਅਵਾ ਕੀਤਾ ਹੈ ਕਿ ਦਿੱਲੀ ਦੇ ਇਤਿਹਾਸਕ ਗੁਰਦੁਵਾਰਿਆਂ ਵਿਚ ਵੱਖ-ਵੱਖ ਸਮਾਗਮਾਂ ਵਿਚ ਕੁਰਸੀਆਂ, ਪੱਖੇ, ਚਾਦਰਾਂ ਤੇ ਹੋਰ ਜੋ ਚੀਜ਼ਾਂ ਕਿਰਾਏ 'ਤੇ ਮੰਗਵਾਈਆਂ ਗਈਆਂ ਸਨ, ਉਨ੍ਹਾਂ ਦੇ ਕਿਰਾਏ ਦਾ ਭੁਗਤਾਨ ਰਾਜਾ ਟੈਂਟ ਹਾਊਸ ਨੂੰ ਤਾਂ ਕੀਤਾ ਹੀ ਗਿਆ, ਪਰ ਉਨ੍ਹਾਂ ਹੀ ਚੀਜ਼ਾਂ ਦਾ ਕਈ ਗੁਣਾਂ ਵੱਧ ਭੁਗਤਾਨ ਰਾਈਜ਼ਿੰਗ ਬਾਲ ਨਾਂਅ ਦੀ ਕੰਪਨੀ ਨੂੰ ਕੀਤਾ ਗਿਆ। ਇਸ ਕੰਪਨੀ ਨੂੰ 22 ਜੂਨ 2013 ਤੇ ਪਿਛੋਂ ਕੁੱਲ 5 ਚੈੱਕ ਦਿਤੇ ਗਏ, ਜੋ ਤਕਰੀਬਨ 61 ਲੱਖ ਰੁਪਏ ਦੇ ਹਨ।
ਚੈੱਕਾਂ 'ਤੇ ਮਨਜੀਤ ਸਿੰਘ ਜੀ ਕੇ ਦੇ ਨਾਲ ਸ. ਮਨਜਿੰਦਰ ਸਿੰਘ ਸਿਰਸਾ ਦੇ ਵੀ ਦਸਤਖ਼ਤ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਜੀ ਕੇ ਹੀ ਨਹੀਂ, ਸਿਰਸਾ ਵੀ ਅਖਉਤੀ ਭ੍ਰਿਸ਼ਟਾਚਾਰ ਵਿਚ ਸ਼ਾਮਲ ਰਹੇ ਹਨ। ਉਨ੍ਹਾਂ ਕਿਹਾ, ਇਹੀ ਨਹੀਂ 30 ਦਸੰਬਰ 2017 ਨੂੰ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਦੇ ਇਕ ਸਮਾਗਮ ਲਈ ਬਰਗਰ, ਕੁਲਚੇ -ਛੋਲੇ ਤੇ ਹੋਰ ਖਾਣ ਦੀਆਂ ਚੀਜ਼ਾਂ ਦੇ ਕੁਲ 2 ਹਜ਼ਾਰ ਪੈਕੇਟ ਦੀ ਕੁਲ ਰਕਮ ਡੇਢ ਲੱਖ ਰੁਪਏ ਦਾ ਭੁਗਤਾਨ ਵੀ ਦਿੱਲੀ ਗੁਰਦਵਾਰਾ ਕਮੇਟੀ ਦੇ ਫ਼ੰਡ 'ਚੋਂ ਕੀਤਾ ਗਿਆ ਹੈ। ਇਸ ਬਿੱਲ ਨੂੰ ਸਿਰਸਾ ਦੇ ਦਸਤਖ਼ਤਾਂ ਨਾਲ ਪ੍ਰਵਾਨਗੀ ਦਿਤੀ ਗਈ,ਆਖਰ ਕਿਉਂ?
ਉਨ੍ਹਾਂ ਕਿਹਾ, ਬਾਦਲਾਂ ਨੂੰ ਚਾਹੀਦਾ ਹੈ ਕਿ ਜਿਵੇਂ ਮਨਜੀਤ ਸਿੰਘ ਜੀ ਕੇ ਨੂੰ ਪ੍ਰਧਾਨਗੀ ਤੋਂ ਹਟਾਇਆ ਗਿਆ ਹੈ, ਉਵੇਂ ਸਿਰਸਾ ਦੀ ਬਜਾਏ ਕਿਸੇ ਹੋਰ ਨੂੰ ਪ੍ਰਧਾਨ ਬਣਾਇਆ ਜਾਵੇ, ਕਿਉਂਕਿ ਕਮੇਟੀ ਵਿਚ 2013 ਤੋਂ ਹੋਏ ਫੰਡਾਂ ਦੀ ਦਰਵਰਤੋਂ ਵਿਚ ਸਾਰੇ ਮੁਖ ਅਹੁਦੇਦਾਰ ਸ਼ਾਮਲ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੁੱਲ ਕਰੋੜਾਂ ਦੇ ਅਖਉਤੀ ਘਪਲੇ ਹੋਏ ਹਨ ਜਿਸ ਨਾਲ ਦਿੱਲੀ ਦੀ ਸੰਗਤ ਦਾ ਭਰੋਸਾ ਕਮੇਟੀ ਤੋਂ ਉੱਠ ਚੁਕਾ ਹੈ। ਇਸ ਮੌਕੇ ਯੂਥ ਪ੍ਰਧਾਨ ਸ.ਰਮਨਦੀਪ ਸਿੰਘ ਫ਼ਤਿਹ ਨਗਰ, ਸ.ਇੰਦਰਜੀਤ ਸਿੰਘ ਸੰਤਗੜ੍ਹ, ਸ.ਜਸਮੀਤ ਸਿੰਘ ਪੀਤਮਪੁਰਾ ਤੇ ਹੋਰ ਹਾਜ਼ਰ ਸਨ।