35 ਦੇਸ਼ਾਂ ਦੇ ਕਬੂਰੀ ਕੈਂਪ 'ਚ ਸਿੱਖੀ ਸਰੂਪ ਵਿਚ ਸ਼ਾਮਲ ਵਿਦਿਆਰਥੀ ਨੂੰ ਸਨਮਾਨਤ ਕਰੇਗੀ ਸ਼੍ਰੋਮਣੀ ਕਮੇਟੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਜ਼ਾਦੀ ਤੋਂ ਬਾਅਦ ਕਿਸੇ ਬਾਹਰੀ ਦੇਸ਼ 'ਚ ਪਹਿਲੀ ਵਾਰ ਗਈ ਹੈ ਭਾਰਤੀ ਸਕਾਊਟ ਟੀਮ

SGPC

ਸਿਰਸਾ : ਸ੍ਰੀਲੰਕਾ 'ਚ ਲੱਗੇ 35 ਦੇਸ਼ਾਂ ਦੇ ਇੰਟਰਨੈਸ਼ਨਲ ਸਕਾਊਟ ਗਾਈਡ ਕੈਂਪ ਲਈ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਸਿਰਸਾ ਜ਼ਿਲ੍ਹੇ ਦੇ ਛੇ ਵਿਦਿਆਰਥੀਆਂ ਵਿਚ ਪਿੰਡ ਤਿਲੋਕੇਵਾਲਾ ਦੇ ਬਾਬਾ ਮੋਹਨ ਸਿੰਘ ਮੱਤਵਾਲਾ ਸਕੂਲ ਦਾ ਚੌਥੀ ਜਮਾਤ ਦਾ ਇਕੋ ਇੱਕ ਸਿੱਖ ਵਿਦਿਆਰਥੀ ਕਰਮਨ ਸਿੰਘ ਸਿੱਧੂ ਵੀ ਸ਼ਾਮਲ ਹੈ। ਇਸ 7 ਦਿਨਾਂ ਇੰਟਰਨੈਸ਼ਨਲ ਸਕਾਊਟ ਗਾਈਡ ਦੇ ਕੈਂਪ ਸਬੰਧੀ ਭਾਰਤੀ ਸਕਾਊਟ ਐਡ ਗਾਇਡ ਦੇ ਜੁਆਇੰਟ ਡਾਇਰੈਕਟਰ ਅਨੂਪ ਸਰਕਾਰ ਅਤੇ ਨਾਰਥ ਜ਼ੋਨ ਦੇ ਡਾਇਰੈਕਟਰ ਅਮਰ ਖੱਤਰੀ ਨੇ ਦਸਿਆ ਕਿ ਇਹ ਪਹਿਲਾ ਮੌਕਾ ਹੈ ਕਿ ਜਦੋਂ ਭਾਰਤ ਦੀ ਕਬੂਰੀ ਟੀਮ ਅਪਣੇ ਦੇਸ਼ ਦੀ ਤਰਜਮਾਨੀ ਕਰਨ ਹਿਤ ਕਿਸੇ ਬਾਹਰੀ ਦੇਸ਼ ਦੇ ਇੰਟਰਨੈਸ਼ਨਲ ਕੈਂਪ ਵਿਚ ਹਿੱਸਾ ਲੈ ਰਹੀ ਹੈ। 

ਉਨ੍ਹਾਂ ਦਸਿਆ ਕਿ ਇਹ ਭਾਰਤ ਦੇ ਪਹਿਲੇ ਛੇ ਵਿਦਿਆਰਥੀ ਹਨ ਜੋ ਭਾਰਤ ਆਜ਼ਾਦ ਹੋਣ ਤੋਂ ਬਾਅਦ ਕਿਸੇ ਬਾਹਰੀ ਦੇਸ਼ ਵਿਚ ਅਪਣੇ ਦੇਸ਼ ਦੀ ਸਕਾਊਟ ਟੀਮ ਵਲੋਂ ਜਾ ਰਹੇ ਹਨ। ਸਿਰਸਾ ਜ਼ਿਲ੍ਹੇ ਇਹ ਦੇ ਛੇ ਵਿਦਿਆਰਥੀ ਸ੍ਰੀਲੰਕਾ ਵਿਚ ਜਾ ਕੇ ਅਪਣੀ ਵਿਲੱਖਣ ਕਲਾਂ ਅਤੇ ਸਭਿਆਚਾਰ ਦੀ ਰੰਗ ਬਿਰੰਗੀ ਤਸਵੀਰ ਇੰਟਰਨੈਸ਼ਨਲ ਪੱਧਰ 'ਤੇ ਪੇਸ਼ ਕਰਨਗੇ। ਜਿਨ੍ਹਾਂ ਵਿਚ ਪੰਜਾਬੀ ਭੰਗੜਾ ਇਸ ਇੰਟਰਨੈਸ਼ਨਲ ਸਕਾਊਟ ਗਾਈਡ ਕੈਂਪ ਦਾ ਮੁੱਖ ਆਕਰਸ਼ਣ ਹੋਵੇਗਾ।

ਇਸ ਸਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਐਗਜੈਕਟਿਵ ਮੈਂਬਰ ਗੁਰਮੀਤ ਸਿੰਘ ਤਿਲੋਕੇਵਾਲਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਦੇ ਸੰਤ ਬਾਬਾ ਮੋਹਨ ਸਿੰਘ ਮੱਤਵਾਲਾ ਸਕੂਲ ਦੇ ਇਸ ਵਿਦਿਆਥੀ ਕਰਮਨ ਸਿੰਘ ਸਿੱਧੂ ਦਾ 35 ਦੇਸ਼ਾਂ ਦੇ ਵਿਦਿਆਰਥੀਆਂ 'ਚ ਸਿੱਖੀ ਸਰੂਪ 'ਚ ਸ਼ਾਮਲ ਹੋਣਾ ਸਾਡੇ ਸੱਭ ਲਈ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਸਿੱਖ ਵਿਦਿਆਰਥੀ ਦਾ ਵਿਦੇਸ਼ੋਂ ਪਰਤਣ 'ਤੇ ਵਿਸ਼ੇਸ਼ ਸਨਮਾਨ ਕਰੇਗੀ।