'ਜ਼ਫਰਨਾਮਾ' ਮਾਮਲੇ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਸਤਿੰਦਰ ਸਰਤਾਜ ਨੂੰ ਦਿੱਤੀ ਕਲੀਨ ਚਿੱਟ
ਹਾਲ ਹੀ ਵਿਚ ਵਿਸਾਖੀ ਦੇ ਦਿਹਾੜੇ 'ਤੇ ਪੰਜਾਬੀ ਸੂਫੀ ਗਾਇਕ ਡਾਕਟਰ ਸਤਿੰਦਰ ਸਰਤਾਜ ਵੱਲੋਂ ਧਾਰਮਕ ਗੀਤ 'ਜ਼ਫਰਨਾਮਾ' ਰੀਲੀਜ਼ ਕੀਤਾ ਗਿਆ ਸੀ
ਚੰਡੀਗੜ੍ਹ: ਹਾਲ ਹੀ ਵਿਚ ਵਿਸਾਖੀ ਦੇ ਦਿਹਾੜੇ 'ਤੇ ਪੰਜਾਬੀ ਸੂਫੀ ਗਾਇਕ ਡਾਕਟਰ ਸਤਿੰਦਰ ਸਰਤਾਜ ਵੱਲੋਂ ਧਾਰਮਕ ਗੀਤ 'ਜ਼ਫਰਨਾਮਾ' ਰੀਲੀਜ਼ ਕੀਤਾ ਗਿਆ ਸੀ। ਰੀਲੀਜ਼ ਹੋਣ ਤੋਂ ਕੁਝ ਹੀ ਦਿਨ ਬਾਅਦ ਸਰਤਾਜ ਵੱਲੋਂ ਗਾਇਆ ਗਿਆ 'ਜ਼ਫਰਨਾਮਾ' ਵਿਵਾਦਾਂ ਵਿਚ ਘਿਰ ਗਿਆ।
ਸਤਿੰਦਰ ਸਰਤਾਜ ਵੱਲੋਂ ਗਾਏ ਗਏ 'ਜ਼ਫਰਨਾਮਾ' ਵਿਚ ਗੁਰਬਾਣੀ ਦੇ ਅਸ਼ੁੱਧ ਉਚਾਰਨ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਕਿਹਾ ਜਾ ਰਿਹਾ ਸੀ ਕਿ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ 'ਜ਼ਫ਼ਰਨਾਮਾ' ਵਿਚ ਗੁਰਬਾਣੀ ਦਾ ਅਸ਼ੁੱਧ ਉਚਾਰਨ ਕੀਤਾ ਹੈ।
ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਪਹੁੰਚਿਆ, ਇਸ 'ਤੇ ਕਾਰਵਾਈ ਕਰਦੇ ਹੋਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਤਿੰਦਰ ਸਰਤਾਜ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਤਿੰਜਰ ਸਰਤਾਜ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚਿਤ ਜ਼ਫਰਨਾਮੇ ਦਾ ਸ਼ੁੱਧ ਉਚਾਰਨ ਕੀਤਾ ਹੈ ਅਤੇ ਉਹਨਾਂ 'ਤੇ ਇਲਜ਼ਾਮ ਵੀ ਹਟਾਏ ਜਾਂਦੇ ਹਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਡਾਕਟਰ ਸਤਿੰਦਰ ਸਰਤਾਜ ਵਿਰੁੱਧ ਮਿਲਿਆਂ ਸ਼ਿਕਾਇਤਾਂ ਦੇ ਅਧਾਰ 'ਤੇ ਜਾਂਚ ਕੀਤੀ ਗਈ ਅਤੇ ਕੁਝ ਸਿੱਖ ਵਿਦਵਾਨਾਂ ਦੇ ਸੁਝਾਅ ਨਾਲ ਇਕ ਨਤੀਜਾ ਕੱਢਿਆ ਗਿਆ ਕਿ 'ਜ਼ਫਰਨਾਮਾ' ਵਿਚ ਗੁਰਬਾਣੀ ਦਾ ਸ਼ੁੱਧ ਉਚਾਰਨ ਕੀਤਾ ਹੈ।