ਡੇਰਾ ਰਾਧਾ ਸਵਾਮੀ ਵਿਰੁਧ ਚਲ ਰਿਹਾ ਧਰਨਾ ਪੁਲਿਸ ਨੇ ਜ਼ਬਰਦਸਤੀ ਚੁਕਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਲਦੇਵ ਸਿੰਘ ਸਿਰਸਾ ਨੂੰ ਸਾਥੀਆਂ ਸਮੇਤ ਭੇਜਿਆ ਜੇਲ

Police stop dharna against Dera Radha Swai

ਰਈਆ, ਅੰਮ੍ਰਿਤਸਰ : ਭਾਈ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਬਿਆਸ ਵਿਖੇ ਕਿਸਾਨਾਂ ਵਲੋਂ ਪਿਛਲੇ 26 ਦਿਨਾਂ ਤੋਂ  ਚਲ ਰਹੇ ਧਰਨੇ ਦਾ ਬੀਤੀ ਦੇਰ ਸ਼ਾਮ ਪੁਲਿਸ ਨੇ ਉਸ ਵੇਲੇ ਅੰਤ ਕਰ ਦਿਤਾ ਜਦੋਂ ਧਰਨੇ 'ਤੇ ਬੈਠੇ ਭਾਈ ਬਲਦੇਵ ਸਿੰਘ ਸਿਰਸਾ ਤੇ ਉਨ੍ਹਾਂ ਦੇ ਪੰਜ ਹੋਰ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਧਾਰਾ 107/51 ਅਧੀਨ ਮੁਕੱਦਮਾ ਦਰਜ ਕਰ ਕੇ ਅੱਜ ਜੇਲ ਭੇਜ ਦਿਤਾ।

ਪੁਲਿਸ ਵਲੋਂ ਹਿਰਾਸਤ ਵਿਚ ਲਏ ਜਾਣ ਵਾਲਿਆਂ ਵਿਚ ਭਾਈ ਸਿਰਸਾ ਤੋਂ ਇਲਾਵਾ ਪੀੜਤ ਕਿਸਾਨ ਮੱਖਣ ਸਿੰਘ ਬੁਤਾਲਾ, ਨਰਜਿੰਦਰ ਸਿੰਘ ਲਾਲੀ ਬਿਆਸ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ ਸ਼ਾਮਲ ਸਨ। ਧਰਨਾ ਚੁਕਾਏ ਜਾਣ ਸਬੰਧੀ ਪੁਲਿਸ ਸੂਤਰਾਂ ਦੀ ਜਾਣਕਾਰੀ ਅਨੁਸਾਰ ਧਰਨਾਕਾਰੀਆਂ ਨਾਲ ਕਿਸੇ ਦੂਸਰੇ ਗਰੁਪ ਨਾਲ ਝਗੜੇ ਦੇ ਆਸਾਰ ਨਜ਼ਰ ਆ ਰਹੇ ਸਨ ਜਿਸ ਤੋਂ ਅਮਨ ਕਾਨੂੰਨ ਨੂੰ ਖ਼ਤਰਾ ਪੈਦਾ ਹੋਣ ਦੇ ਸ਼ੱਕ ਵਜੋਂ ਪੁਲਿਸ ਨੂੰ ਇਹ ਧਰਨਾ ਉਠਾਉਣਾ ਪਿਆ। ਦੂਸਰੇ ਪਾਸੇ ਅੱਜ ਪੁਲਿਸ ਚੌਕੀ ਬਾਬਾ ਬਕਾਲਾ ਵਿਖੇ ਜਿਥੇ ਭਾਈ ਸਿਰਸਾ ਤੇ ਸਾਥੀਆਂ ਨੂੰ ਰਾਤ ਰਖਿਆ ਗਿਆ ਸੀ। ਸਵੇਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਭਾਈ ਸਿਰਸਾ ਨੇ ਦੋਸ਼ ਲਗਾਇਆ ਕਿ ਪੁਲਿਸ ਦੀ ਮਿਲੀਭੁਗਤ ਨਾਲ ਬਿਆਸ ਦੇ ਸਰਪੰਚ ਜੋ ਕਿ ਡੇਰੇ ਦਾ ਪੈਰੋਕਾਰ ਹੈ ਨੇ ਕਾਫ਼ੀ ਗਿਣਤੀ ਵਿਚ ਬੰਦੇ ਭੇਜ ਕੇ ਸਾਡੇ ਧਰਨੇ ਦੇ ਲੱਗੇ ਬੈਨਰ ਪੁੱਟ ਦਿਤੇ ਅਤੇ ਸਾਨੂੰ ਝਗੜੇ ਲਈ ਉਕਸਾਉਣ ਲੱਗੇ ਪਰ ਅਸੀਂ ਸ਼ਾਂਤਮਈ ਬੈਠੇ ਰਹੇ।

ਇਸੇ ਦੌਰਾਨ ਪੁਲਿਸ ਨੇ ਇਕਦਮ ਧਾਵਾ ਬੋਲ ਕੇ ਸਾਨੂੰ ਜ਼ਬਰਦਸਤੀ ਧਰਨਾ ਸਥਾਨ ਤੋਂ ਚੁਕ ਲਿਆ ਅਤੇ ਸਾਡੇ ਨਾਲ ਖਿੱਚ ਧੂਹ ਵੀ ਕੀਤੀ। ਪੱਤਰਕਾਰਾਂ ਦੀ ਮੌਜੂਦਗੀ ਵਿਚ ਜਦੋਂ ਪੁਲਿਸ ਇਨ੍ਹਾਂ ਨੂੰ ਲੈ ਕੇ ਜਾਣ ਲੱਗੀ ਤਾਂ ਭਾਈ ਸਿਰਸਾ ਨੇ ਕਿਹਾ ਕਿ ਅਸੀਂ ਭੁੱਖੇ ਹਾਂ ਸਾਨੂੰ ਕੁੱਝ ਖਾਣ ਨੂੰ ਦਿਉ ਤਾਂ ਪੁਲਿਸ ਨੇ ਕਿਹਾ ਕਿ ਪਹਿਲਾਂ ਤਹਾਨੂੰ ਡਿਊਟੀ ਮੈਜਿਸਟ੍ਰੇਟ ਦੇ ਪੇਸ਼ ਕਰਨਾ ਹੈ ਬਾਅਦ ਵਿਚ ਖਾਣਾ ਖਿਲਾਵਾਂਗੇ। ਇਸ ਮੌਕੇ ਭਾਈ ਸਿਰਸਾ ਨੇ ਉਚੀ ਉੱਚੀ ਰੌਲਾ ਪਾ ਕੇ ਦਸਿਆ ਕਿ ਇਨ੍ਹਾਂ ਨੇ ਸਾਨੂੰ ਹੁਣ 12 ਵਜੇ ਤਕ ਚਾਹ ਪਾਣੀ ਤਾਂ ਕੀ ਸਾਨੂੰ ਬੂਰਸ਼ ਤਕ ਵੀ ਨਹੀਂ ਕਰਨ ਦਿਤੇ।

ਭਾਈ ਸਿਰਸਾ ਨੂੰ ਰੌਲਾ ਪਾਉਂਦੇ ਨੂੰ ਹੀ ਪੁਲਿਸ ਜ਼ਬਰਦਸਤੀ ਨੰਗੇ ਪੈਰ ਹੀ ਗੱਡੀ ਵਿਚ ਬਿਠਾ ਕੇ ਲੈ ਗਈ। ਇਸ ਮੌਕੇ ਪੁਲਿਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਨ੍ਹਾਂ ਨੂੰ ਐਸ.ਡੀ.ਐਮ ਦਫ਼ਤਰ ਪੇਸ਼ ਕਰਨਾ ਹੈ। ਪੱਤਰਕਾਰ ਐਸ.ਡੀ.ਐਮ ਦਫ਼ਤਰ ਜਾ ਕੇ ਉਡੀਕਦੇ ਰਹੇ ਪਰ ਪੁਲਿਸ ਚਕਮਾ ਦੇ ਕੇ ਇਨ੍ਹਾਂ ਨੂੰ ਸਿੱਧਾ ਅੰਮ੍ਰਿਤਸਰ ਸੈਂਟਰਲ ਜੇਲ ਵਿਖੇ ਲੈ ਗਈ। ਇਸ ਦੌਰਾਨ ਇਹ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਨੂੰ ਕਿਹੜੇ ਡਿਊਟੀ ਮੈਜਿਸਟ੍ਰੇਟ ਅਤੇ ਕਿਥੇ ਪੇਸ਼ ਕੀਤਾ ਗਿਆ। ਇਸ ਸਬੰਧੀ ਡੀ.ਐਸ.ਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਦਸਿਆ ਕਿ ਧਾਰਾ 107/51 ਅਧੀਨ  ਹਿਰਾਸਤ ਵਿਚ ਲਏ ਇਨ੍ਹਾਂ ਵਿਅਕਤੀਆਂ ਨੂੰ ਅੱਜ ਡਿਊਟੀ ਮੈਜਿਸਟ੍ਰੇਟ ਐਸ.ਡੀ.ਐਮ ਸਾਹਮਣੇ ਪੇਸ਼ ਕੀਤਾ ਗਿਆ ਜਿਥੇ ਮੈਜਿਸਟ੍ਰੇਟ ਵਲੋਂ ਸਾਰਿਆਂ ਨੂੰ ਤਿੰਨ ਦਿਨਾਂ ਦੇ ਜੁਡੀਸ਼ੀਅਲ ਰੀਮਾਂਡ 'ਤੇ ਜੇਲ ਭੇਜਣ ਦੇ ਹੁਕਮ ਕੀਤੇ ਗਏ।

ਇਸ ਸਬੰਧੀ ਜਦ ਐਸ.ਡੀ.ਐਮ ਮੈਡਮ ਸੁਮਿਤ ਮੁੱਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਮੇਰੇ ਸਾਹਮਣੇ ਨਹੀਂ ਬਲਕਿ ਤਹਿਸੀਲਦਾਰ ਮਨਜੀਤ ਸਿੰਘ ਜੋ ਕਿ ਡਿਊਟੀ ਮੈਜਿਸਟ੍ਰੇਟ ਸਨ ਉਨ੍ਹਾਂ ਸਾਹਮਣੇ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਧਰਨਾਕਾਰੀਆਂ ਵਿਰੁਧ ਸਰਪੰਚ ਗ੍ਰਾਮ ਪੰਚਾਇਤ ਬਿਆਸ ਵਲੋਂ ਪੰਚਾਇਤ ਦਾ ਮਤਾ ਪਾ ਕੇ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਮਾਹੌਲ ਖ਼ਰਾਬ ਹੋਣ ਦੇ ਖਦਸ਼ੇ ਨੂੰ ਦੇਖਦੇ ਹੋਏ ਧਾਰਾ 107/51 ਅਧੀਨ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ ਗਿਆ ਹੈ ਜਿਨ੍ਹਾਂ ਨੂੰ ਤਿੰਨ ਦਿਨਾਂ ਬਾਅਦ 10 ਅਕਤੂਬਰ ਨੂੰ ਮੇਰੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।