ਕਿਸਾਨਾਂ ਵਲੋਂ ਡੇਰਾ ਰਾਧਾ ਸਵਾਮੀ ਵਿਰੁਧ ਲਗਾਇਆ ਧਰਨਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਭਰ ਦੀਆਂ ਪੰਥਕ ਤੇ ਕਿਸਾਨ ਜਥੇਬੰਦੀਆਂ ਵਲੋਂ ਸਹਿਯੋਗ ਦੇਣ ਨਾਲ ਸੰਘਰਸ਼ ਨੂੰ ਮਿਲਿਆ ਬਲ

Farmers continue to hold protest against Dera Radha Swami

ਰਈਆਂ : ਡੇਰਾ ਰਾਧਾ ਸਵਾਮੀ ਬਿਆਸ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਉਪਰ ਕੀਤੇ ਗਏ ਕਥਿਤ ਨਾਜਾਇਜ਼ ਕਬਜ਼ਿਆਂ ਵਿਰੁਧ ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਬਿਆਸ ਵਿਖੇ ਪਿਛਲੇ ਛੇ ਦਿਨਾਂ ਤੋਂ ਨੰਗੇ ਧੜ ਸਿਰਾਂ 'ਤੇ ਕਫ਼ਨ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਜਿਥੇ ਡੇਰਾ ਪ੍ਰਬੰਧਕ ਅਤੇ ਸਰਕਾਰੀ ਪ੍ਰਸ਼ਾਸਨ ਬਹੁਤ ਹਲਕੇ ਵਿਚ ਲੈ ਰਿਹਾ ਹੈ ਉਥੇ ਇਸ ਰੋਸ ਧਰਨੇ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਕਿਸਾਨ ਅਤੇ ਪੰਥ ਹਿਤੈਸ਼ੀ ਜਥੇਬੰਦੀਆਂ ਵਲੋਂ ਸਹਿਯੋਗ ਦੇਣ ਨਾਲ ਸੰਘਰਸ਼ ਹੋਰ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ।

ਇਸ ਧਰਨੇ ਵਿਚ ਅੱਜ ਕੁੱਝ ਜਥੇਬੰਦੀਆਂ ਦੇ ਮੁਖੀ ਅਤੇ ਨੁਮਾਇੰਦੇ ਸ਼ਾਮਲ ਹੋਏ ਜਿਨ੍ਹਾਂ ਵਿਚ ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਹਿੰਮਤੇ ਖ਼ਾਲਸਾ ਦੇ ਭਾਈ ਪੰਜਾਬ ਸਿੰਘ ਸੁਲਤਾਨਵਿੰਡ, ਭਾਈ ਭੁਪਿੰਦਰ ਸਿੰਘ ਛੇ ਜੂਨ, ਫ਼ਿਕਰੇ ਕੌਮ ਦੇ ਪ੍ਰਧਾਨ ਭਾਈ ਸੁਰਿੰਦਰ ਸਿੰਘ ਲਾਲੀ, ਕਿਸਾਨ ਮਜ਼ਦੂਰ ਹਿਤਕਾਰੀ ਸਭਾ ਗੁਰਦਾਸਪੁਰ ਦੇ ਉਂਕਾਰ ਸਿੰਘ ਭਗਲਾ, ਪਗੜੀ ਸੰਭਾਲ ਜੱਟਾ ਗੁਰਦਾਸਪੁਰ ਦੇ ਗੁਰਪ੍ਰਤਾਪ ਸਿੰਘ ਆਦਿ ਸ਼ਾਮਲ ਹੋਏ। ਦਲ ਖ਼ਾਲਸਾ ਦੇ ਭਾਈ ਚੀਮਾ ਨੇ ਕਿਹਾ ਕਿ ਸਾਡੀ ਜਥੇਬੰਦੀ ਪੀੜਤ ਕਿਸਾਨਾਂ ਦੀ ਹਰ ਤਰ੍ਹਾਂ ਦੀ ਸਪੋਰਟ ਕਰਦੀ ਹੈ ਅਤੇ ਕਿਸਾਨਾਂ ਦੇ ਜ਼ਮੀਨਾਂ ਦੇ ਹੱਕ ਲੈਣ ਤਕ ਹਰ ਸੰਘਰਸ਼ ਵਿਚ ਕਿਸਾਨਾਂ ਦਾ ਸਾਥ ਦਿਤਾ ਜਾਵੇਗਾ।

ਇਸ ਮੌਕੇ ਭਾਈ ਬਲਦੇਵ ਸਿੰਘ ਸਿਰਸਾ ਨੇ ਜਿਥੇ ਹਮਾਇਤ ਦੇਣ ਪਹੁੰਚ ਰਹੀਆਂ ਜਥੇਬੰਦੀਆਂ ਦਾ ਧਨਵਾਦ ਕੀਤਾ ਉਥੇ ਨਾਲ ਹੀ ਉਨ੍ਹਾਂ ਪੰਜਾਬ ਦੀਆਂ ਕਿਸਾਨ ਹਿਤੈਸ਼ੀ ਤੇ ਪੰਥ ਦਰਦੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਰਕਾਰਾਂ ਦੀ ਸ਼ਹਿ 'ਤੇ ਉਕਤ ਡੇਰੇ ਵਲੋਂ ਕਿਸਾਨਾਂ ਨਾਲ ਕੀਤੇ ਗਏ ਧੱਕੇ ਵਿਰੁਧ ਸ਼ੁਰੂ ਕੀਤੇ ਗਏ ਇਸ ਸੰਘਰਸ਼ ਵਿਚ ਪੱਕੇ ਤੌਰ 'ਤੇ ਹਾਜ਼ਰ ਰਹਿ ਕੇ ਧਰਨੇ ਵਿਚ ਸ਼ਾਮਲ ਹੋ ਕੇ ਸਾਥ ਦਿਉ ਤਾਕਿ ਸਰਕਾਰ ਦੇ ਗ਼ਲਤ ਮਨਸੂਬਿਆਂ ਨੂੰ ਫ਼ੇਲ੍ਹ ਕਰ ਕੇ ਕਿਸਾਨਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਦਿਵਾਇਆ ਜਾ ਸਕੇ।