ਡੇਰਾ ਰਾਧਾ ਸਵਾਮੀ ਤੋਂ ਪੀੜਤ ਕਿਸਾਨਾਂ ਦੀ ਭਾਈ ਸਿਰਸਾ ਨਾਲ ਹੋਈ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਲਕੇ ਡੇਰੇ ਵਿਰੁਧ ਲਾਇਆ ਜਾਵੇਗਾ ਧਰਨਾ : ਬਲਦੇਵ ਸਿੰਘ ਸਿਰਸਾ

Dera Radha Soami

ਰਈਆ : ਡੇਰਾ ਰਾਧਾ ਸਵਾਮੀ ਬਿਆਸ ਦੇ ਪ੍ਰਬੰਧਕਾਂ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਉਪਰ ਕੀਤੇ ਗਏ ਕਥਿਤ ਨਾਜਾਇਜ਼ ਕਬਜ਼ਿਆਂ ਵਿਰੁਧ ਸੰਘਰਸ਼ ਕਰ ਰਹੇ ਪੀੜਤ ਕਿਸਾਨਾਂ ਦੀ ਅੱਜ ਬਿਆਸ ਵਿਖੇ 'ਪੰਜਾਬ ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ' ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਇਕ ਅਹਿਮ ਹੋਈ।

ਇਸ ਮੀਟਿੰਗ ਵਿਚ ਡੇਰੇ ਵਲੋਂ ਪਿਛਲੇ ਸਮੇਂ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਕੀਤੇ ਗਏ ਵਾਅਦਿਆਂ ਤੋਂ ਭੱਜਣ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਡੇਰੇ ਵਿਰੁਧ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਬਾਰੇ ਪੱਤਰਕਾਰਾਂ ਨੂੰ ਇਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਭਾਈ ਸਿਰਸਾ ਨੇ ਦਸਿਆ ਕਿ ਪੀੜਤ ਕਿਸਾਨਾਂ ਵਲੋਂ ਬਿਆਸ ਵਿਖੇ ਕਰੀਬ 2 ਮਹੀਨੇ ਪਹਿਲਾਂ ਕੁੱਝ ਦਿਨ ਭੁੱਖ ਹੜਤਾਲ ਕਰਨ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡੇਰੇ ਦੇ ਨੁਮਾਇੰਦਆਂ ਵਲੋਂ  20-7-2019 ਨੂੰ ਪੀੜਤ ਕਿਸਾਨਾਂ ਨਾਲ ਇਕ ਸਮਝੌਤਾ ਕੀਤਾ ਗਿਆ ਸੀ ਕਿ ਇਕ ਹਫ਼ਤੇ ਦੇ ਅੰਦਰ ਕਿਸਾਨ ਰਾਜਿੰਦਰ ਸਿੰਘ ਜਿਸ ਦੀ ਕਰੀਬ 12 ਏਕੜ ਜ਼ਮੀਨ ਉਪਰ ਡੇਰੇ ਦਾ ਨਾਜਾਇਜ਼ ਕਬਜ਼ਾ ਹੈ, ਦੀ ਨਿਸ਼ਾਨਦੇਹੀ ਕਰਵਾ ਕੇ ਜੇਕਰ ਡੇਰੇ ਦੇ ਕਬਜ਼ੇ ਹੇਠ ਹੋਈ ਤਾਂ ਇਸ ਨੂੰ ਵਾਪਸ ਕੀਤਾ ਜਾਵੇਗਾ। ਪਰ ਡੇਰੇ ਦੇ ਪ੍ਰਬੰਧਕਾਂ ਵਲੋਂ ਕੀਤੇ ਗਏ ਸਾਰੇ ਵਾਅਦੇ 2 ਮਹੀਨੇ ਬੀਤ ਜਾਣ 'ਤੇ ਵੀ ਪੂਰੇ ਨਹੀਂ ਕੀਤੇ ਜਾ ਰਹੇ ਅਤੇ ਟਾਲ ਮਟੋਲ ਕੀਤਾ ਜਾ ਰਿਹਾ ਹੈ।

ਭਾਈ ਸਿਰਸਾ ਨੇ ਕਿਹਾ ਕਿ ਇਸ ਦੇ ਵਿਰੋਧ ਵਿਚ ਪੀੜਤ ਕਿਸਾਨਾਂ ਵਲੋਂ 12 ਸਤੰਬਰ ਨੂੰ ਡੀ.ਐਸ.ਪੀ ਬਾਬਾ ਬਕਾਲਾ ਸਾਹਿਬ ਦੇ ਦਫ਼ਤਰ ਤੋਂ ਸਵੇਰੇ 10 ਵਜੇ ਇਕ ਰੋਸ ਮਾਰਚ ਸ਼ੁਰੂ ਕਰ ਕੇ ਅੰਮ੍ਰਿਤਸਰ-ਜਲੰਧਰ ਹਾਈਵੇਅ ਉਪਰ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ ਅਤੇ ਇਹ ਧਰਨਾ ਉਨਾ ਚਿਰ ਨਹੀਂ ਚੁਕਿਆ ਜਾਵੇਗਾ ਜਿਨਾ ਚਿਰ 20-7-19 ਨੂੰ ਹੋਏ ਲਿਖਤੀ ਫ਼ੈਸਲੇ ਅਤੇ 22-7-2019 ਨੂੰ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਉਕਤ ਡੇਰੇ ਵਲੋਂ ਦਰਿਆ ਬਿਆਸ ਦੇ ਕੁਦਰਤੀ ਵਹਾਅ ਨੂੰ ਬਦਲਣ ਦੇ ਬਾਰੇ ਸਾਡੇ ਬਿਆਨ ਲੈ ਕੇ ਜਿੰਨਾ ਚਿਰ ਸਹੀ ਅਤੇ ਤੱਥਾਂ ਦੇ ਆਧਾਰ 'ਤੇ ਡਰੇਨਿੰਗ ਵਿਭਾਗ, ਮਾਈਨਿੰਗ ਵਿਭਾਗ ਅਤੇ ਮਾਲ ਮਹਿਕਮਾ ਰੀਪੋਰਟ ਤਿਆਰ ਨਹੀਂ ਕਰ ਲੈਂਦੇ ਉਨਾ ਚਿਰ ਮੋਰਚਾ ਚਾਲੂ ਰਹੇਗਾ।