ਸਖ਼ਤ ਸੁਰੱਖਿਆ ਹੇਠ ਹੋਏ ਭਾਈ ਢੱਡਰੀਆਂ ਵਾਲਿਆਂ ਦੇ ਦੀਵਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੇਕਰ ਅਕਾਲ ਤਖ਼ਤ ਸਾਹਿਬ ਬਿਨਾਂ ਕਿਸੇ ਦਬਾਅ ਦੇ ਨਿਆਂ ਕਰੇ ਤਾਂ ਮੈਂ ਪੇਸ਼ ਹੋਣ ਲਈ ਤਿਆਰ ਹਾਂ : ਭਾਈ ਰਣਜੀਤ ਸਿੰਘ

File Photo

ਮਾਨਸਾ  (ਬਹਾਦਰ ਖ਼ਾਨ) : ਸੰਗਰੂਰ ਜ਼ਿਲ੍ਹੇ ਦੇ ਪਿੰਡ ਗਿਦਿੜਿਆਣੀ ਵਿਖੇ ਭਾਈ ਰਣਜੀਤ ਸਿੰਘ ਢਡਰੀਆ ਵਾਲੇ ਦੇ ਧਾਰਮਕ ਸਮਾਗਮ ਦੇ ਵਿਰੋਧ ਉਪਰੰਤ ਅੱਜ ਜ਼ਿਲ੍ਹੇ ਦੇ ਕਸਬਾ ਜੋਗਾ ਵਿਖੇ ਭਾਈ ਢੱਡਰੀਆ ਵਾਲਿਆਂ ਦਾ ਕੁੱਝ ਟਕਸਾਲੀਆਂ ਵਲੋਂ ਵਿਰੋਧ ਕੀਤਾ ਗਿਆ ਅਤੇ ਸਮੁੱਚਾ ਹਲਕਾ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿਚ ਤਬਦੀਲ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸੇ ਅਣਸੁਖਾਵੀ ਘਟਨਾ ਨਾਲ ਨਜਿਠਣ ਲਈ ਸਖ਼ਤ ਸੁਰੱਖਿਅਤ ਪ੍ਰਬੰਧ ਕੀਤੇ ਹੋਏ ਸਨ।

ਬੀਤੀ ਕੱਲ ਤੋਂ ਹੀ ਪੁਲਿਸ ਵੱਖ-ਵੱਖ ਥਾਵਾਂ 'ਤੇ ਨਾਕੇ ਲਾ ਕੇ ਹਾਲਾਤ 'ਤੇ ਨਜ਼ਰ ਰੱਖੀ ਜਾ ਰਹੀ ਸੀ। ਅੱਜ ਸਵੇਰੇ ਧਨੋਲਾ ਵਾਲੇ ਪਾਸਿਉ ਮਾਨਸਾ ਵਿਖੇ ਦਾਖ਼ਲ ਹੋਣ 'ਤੇ ਅਮਰੀਕ ਸਿੰਘ ਅਜਨਾਲਾ ਨੂੰ ਸਾਥਿਆਂ ਸਮੇਤ ਗ੍ਰਿਫ਼ਤਾਰ ਕਰ ਕੇ ਪੁਲਿਸ ਅਣਦਸੀ ਥਾਂ 'ਤੇ ਲੈ ਗਈ। ਧਾਰਮਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਅੱਜ ਦਾ ਨੌਜਵਾਨ ਤਰਕਪੂਰਨ ਅਤੇ ਪ੍ਰੈਕਟੀਕਲੀ ਵਿਚਾਰਧਾਰਾ ਨੂੰ ਅਪਨਾਉਣਾ ਚਾਹੰਦਾ ਹੈ

ਅਤੇ ਗੁਰਬਾਣੀ ਨੂੰ ਉਹ ਇਸੇ ਤਰਜ਼ 'ਤੇ ਪ੍ਰਚਾਰਨ ਦਾ ਯਤਨ ਕਰ ਰਹੇ ਹਨ ਅਤੇ ਕਈ ਰਵਾਇਤੀ ਧਾਰਮਕ ਜਥੇਬੰਧੀਆਂ ਨੂੰ ਇਹ ਇਸ ਕਰ ਕੇ ਹਜ਼ਮ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਪਾਖੰਡਵਾਦੀ ਅਤੇ ਬ੍ਰਹਮਣਵਾਦੀ ਵਿਚਾਰਾਂ ਨੂੰ ਠੇਸ ਪਹੁੰਚਦੀ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦਾ ਸਨਮਾਨ ਕਰਦੇ ਹਨ ਕਿ ਅਕਾਲ ਤਖ਼ਤ ਕਿਸੇ ਸਿਆਸੀ ਤੇ ਧਾਰਮਕ ਦਬਾਅ ਤੋਂ ਬਿਨਾਂ ਮੇਰੇ ਨਾਲ ਇਨਸਾਫ਼ ਕਰਦਾ ਹੈ ਤਾਂ ਉਹ ਡੰਡਅੋਤ ਕਰ ਕੇ ਵੀ ਪੇਸ਼ ਹੋਣ ਲਈ ਤਿਆਰ ਹਨ।

ਉਨ੍ਹਾਂ ਦੁੱਖ ਜ਼ਾਹਰ ਕੀਤਾ ਕਿ ਪੰਥ ਦੀ ਸਿਰਮੌਰ ਅਤੇ ਸਰਬ-ਉੱਚ ਸੰਸਥਾ 'ਤੇ ਬਾਦਲਾਂ ਨੇ ਕਬਜ਼ਾ ਕੀਤਾ ਹੋਇਆ ਹੈ, ਜਿਸ ਕਰ ਕੇ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨਾਲ ਇਨਸਾਫ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪੰਥ ਨੂੰ ਨਾ ਕੋਈ ਵੰਡਣ ਦੀ ਕੁਹਿਰਤ ਕਰ ਸਕਦੇ ਹਨ ਅਤੇ ਨਾ ਹੀ ਗੁਰਬਾਣੀ ਦੇ ਵਿਚਾਰ ਦੀ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਸੰਗਤ ਚਾਹੇਗੀ ਤਾਂ ਉਹ ਧਾਰਮਕ ਦੀਵਾਨ ਬੰਦ ਕਰਨ ਨੂੰ ਵੀ ਤਿਆਰ ਹਨ।

ਉਨ੍ਹਾਂ ਕਿਹਾ ਕਿ ਸਿੱਖ ਜਗਤ ਨੂੰ ਚੜ੍ਹਦੀ ਕਲਾਂ ਵਿਚ ਰੱਖਣ ਲਈ ਸਮੂਹ ਨਾਨਕ ਨਾਮ ਲੇਵਾ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ। ਧਾਰਮਕ ਦੀਵਾਨਾਂ ਸਮੇਂ ਜਿਥੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਸੈਂਕੜੇ ਸੰਗਤਾਂ ਇਕੱਤਰ ਸਨ ਉਥੇ ਪੁਲਿਸ ਦੀ ਨਫ਼ਰੀ ਵੀ ਜ਼ਿਕਰਯੋਗ ਸੀ। 

ਦੀਵਾਨ ਰੋਕਣ ਜਾ ਰਹੇ ਜਥੇਬੰਦੀਆਂ ਦੇ ਕਾਰਕੁਨ ਗ੍ਰਿਫ਼ਤਾਰ
ਕਿਹਾ, ਪੰਥ ਦੀ ਸਿਰਮੌਰ ਅਤੇ ਸਰਬ-ਉਚ ਸੰਸਥਾ 'ਤੇ ਬਾਦਲਾਂ ਦਾ ਕਬਜ਼ਾ 

ਧਨੌਲਾ (ਰਾਮ ਸਿੰਘ ਧਨੌਲਾ) : ਨੇੜਲੇ ਪਿੰਡ ਕੋਟਦੁੰਨਾ ਵਿਖੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪਿੰਡ ਜੋਗਾ ਵਿਖੇ ਹੋ ਰਹੇ ਦੀਵਾਨਾਂ ਨੂੰ ਰੋਕਣ ਲਈ ਜਾ ਰਹੇ ਅਮਰੀਕ ਸਿੰਘ ਅਜਨਾਲਾ ਜਥੇ ਦੇ 100 ਦੇ ਕਰੀਬ ਵਿਅਕਤੀਆਂ ਨੂੰ ਜ਼ਿਲ੍ਹਾ ਪੁਲਿਸ ਬਰਨਾਲਾ ਅਤੇ ਥਾਣਾ ਧਨੌਲਾ ਪੁਲਿਸ ਵਲੋਂ ਗੁਰਦਵਾਰਾ ਅਕਾਲ ਬੁੰਗਾ ਕੋਟਦੁੰਨਾ ਵਿਖੇ ਰੋਕਿਆ ਗਿਆ ਜਿਸ ਤੋਂ ਬਾਅਦ ਗੁਰਦਵਾਰਾ ਅਕਾਲ ਬੁੰਗਾ ਕੋਟਦੁੰਨਾ ਪੁਲਿਸ ਛਾਉਣੀ 'ਚ ਤਬਦੀਲ ਹੋ ਗਿਆ ਹੈ। ਇਸ ਦੌਰਾਨ ਪੁਲਿਸ ਵਲੋਂ ਕਈ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ।