ਢੱਡਰੀਆਂ ਵਾਲੇ ਦਾ ਆਇਆ ਵੱਡਾ ਬਿਆਨ, ਸਟੇਜਾਂ ਲਾਉਣੀਆਂ ਕਰ ਸਕਦੇ ਨੇ 'ਬੰਦ'!

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਸਟੇਜ ਨਹੀਂ ਕੌਮ ਦੀ ਹੈ ਲੋੜ

file photo

ਚੰਡੀਗੜ੍ਹ : ਉੱਘੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਫਿਲਹਾਲ ਟੱਲ ਗਿਆ ਹੈ। ਪਿਛਲੇ ਦਿਨਾਂ ਦੌਰਾਨ ਉਨ੍ਹਾਂ ਦੇ ਦੀਵਾਨਾਂ ਦਾ ਵਿਰੋਧ ਕਰ ਰਹੀਆਂ ਕੁੱਝ ਜਥੇਬੰਦੀਆਂ ਦੇ ਕਾਰਕੁਨ ਵਲੋਂ ਕੀਤਾ ਜਾ ਰਿਹਾ ਵਿਰੋਧ-ਪ੍ਰਦਰਸ਼ਨ ਹਿੰਸਕ ਹੋਣ ਦੇ ਅਸਾਰ ਬਣ ਗਏ ਸਨ। ਪੁਲਿਸ ਪ੍ਰਸ਼ਾਸਨ ਨੇ ਮੁਸ਼ਤੈਦੀ ਵਰਤਦਿਆਂ ਸਥਿਤੀ 'ਤੇ ਕਾਬੂ ਪਾਉਣ ਬਾਅਦ ਸਖ਼ਤ ਪੁਲਿਸ ਪਹਿਰੇ ਹੇਠ ਦੀਵਾਨਾਂ ਨੂੰ ਨੇਪਰੇ ਚਾੜ੍ਹਿਆ ਗਿਆ ਹੈ।

ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਭਾਈ ਢੱਡਰੀਆਂ ਵਾਲਿਆਂ ਅਨੁਸਾਰ ਉਹ ਟਕਰਾਅ ਜਾਂ ਲੜਾਈ ਕਰ ਕੇ ਬੰਦੇ ਨਹੀਂ ਮਰਵਾਉਣਾ ਚਾਹੁੰਦੇ। ਉਨ੍ਹਾਂ ਐਲਾਨ ਕੀਤਾ ਕਿ ਉਹ ਆਉਂਦੇ ਸਮੇਂ ਅੰਦਰ ਸਟੇਜਾਂ ਲਾਉਣੀਆਂ ਛੱਡ ਸਕਦੇ ਹਨ ਪਰ ਸਿੱਖੀ ਦਾ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਣਗੇ।

ਉਨ੍ਹਾਂ ਕਿਹਾ ਉਹ ਖੁਦ ਦੀ ਸੁਰੱਖਿਆ ਦਾ ਪ੍ਰਵਾਹ ਨਹੀਂ ਕਰਦੇ ਪਰ ਉਹ ਆਮ ਆਦਮੀ ਤੇ ਸੰਗਤ ਦਾ ਨੁਕਸਾਨ ਹੁੰਦਾ ਨਹੀਂ ਵੇਖ ਸਕਦੇ। ਉਨ੍ਹਾਂ ਕਿਹਾ ਕਿ ਉਹ ਸਟੇਜਾਂ ਲਾਉਣੀਆਂ ਬੰਦ ਕਰ ਦੇਣਗੇ। ਪਰ ਸਿੱਖੀ ਦੇ ਪ੍ਰਚਾਰ ਤੋਂ ਪਿੱਛੇ ਨਹੀਂ ਹਟਣਗੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ਰਧਾਲੂ ਇੰਟਰਨੈੱਟ ਜਾਂ ਫ਼ੋਨ ਜ਼ਰੀਏ ਉਨ੍ਹਾਂ ਦਾ ਪ੍ਰਚਾਰ ਸੁਣ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਕਿਸਮ ਦਾ ਧੱਕਾ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਨੂੰ ਸਟੇਜ ਨਹੀਂ ਸਗੋਂ ਕੌਮ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਕੁੱਝ ਲੋਕ ਬਿਨਾਂ ਕਿਸੇ ਜਾਂਚ ਤੋਂ ਕਿਸੇ ਉਪਰ ਵੀ ਗੱਦਾਰ ਹੋਣ ਦਾ ਲੇਬਲ ਲਾਉਣ ਦੀ ਮਾਨਸਿਕਤਾ ਅਧੀਨ ਵਿਚਰ ਰਹੇ ਹਨ। ਉਨ੍ਹਾਂ ਸੰਗਤ ਨੂੰ ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਗਤ ਨੂੰ ਸੁਣਨ, ਸਮਝਣ ਤੇ ਵਿਚਾਰ ਕਰਨ ਮਗਰੋਂ ਹੀ ਸੱਚ ਦਾ ਫ਼ੈਸਲਾ ਕਰਨਾ ਚਾਹੀਦਾ ਹੈ।