ਬੇਅਦਬੀ ਤੇ ਗੋਲੀਕਾਂਡ ਤੋਂ ਪੀੜਤ ਪਰਵਾਰਾਂ ਵਲੋਂ ਅਕਾਲੀ ਉਮੀਦਵਾਰਾਂ ਦੇ ਘਿਰਾਉ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਰਵਾਰਾਂ ਨੇ ਕਿਹਾ - ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚ ਬਾਦਲ ਦਲ ਦੇ ਉਮੀਦਵਾਰਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗਾ

File Photo

ਕੋਟਕਪੂਰਾ : ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ (ਸਿੱਟ) ਦੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਵਿਰੁਧ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕਰ ਕੇ ਐਸਆਈਟੀ ਤੋਂ ਹਟਾਉਣ ਵਾਲੀ ਗੱਲ ਬਾਦਲ ਦਲ ਨੂੰ ਪੁੱਠੀ ਪੈਂਦੀ ਪ੍ਰਤੀਤ ਹੋ ਰਹੀ ਹੈ ਕਿਉਂਕਿ ਕਸਬਾ ਬਰਗਾੜੀ ਵਿਖੇ ਪੀੜਤ ਪਰਵਾਰਾਂ ਵਲੋਂ ਸਿੱਖ ਜਥੇਬੰਦੀਆਂ ਦੀ ਅਗਵਾਈ 'ਚ ਕੱਢੇ ਗਏ ਰੋਸ ਮਾਰਚ ਮੌਕੇ ਅੱਜ ਬਕਾਇਦਾ ਐਲਾਨ ਕਰ ਦਿਤਾ ਗਿਆ ਕਿ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚ ਬਾਦਲ ਦਲ ਦੇ ਉਮੀਦਵਾਰਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ, ਉਨ੍ਹਾਂ ਦਾ ਵਿਰੋਧ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ ਕੁੰਵਰਵਿਜੈ ਪ੍ਰਤਾਪ ਦੀ ਬਦਲੀ ਨੂੰ ਰੱਦ ਨਹੀਂ ਕੀਤਾ ਜਾਂਦਾ। 

ਗੁਰਦੀਪ ਸਿੰਘ ਬਠਿੰਡਾ ਅਤੇ ਪ੍ਰਦੀਪ ਸਿੰਘ ਚਾਂਦਪੁਰਾ ਦੀ ਅਗਵਾਈ ਹੇਠ ਬਰਗਾੜੀ ਦੇ ਗੁਰਦਵਾਰਾ ਪਾਤਸ਼ਾਹੀ ਦਸਵੀਂ ਤੋਂ ਮਰਦ/ਔਰਤਾਂ ਦਾ ਰੋਸ ਪ੍ਰਦਰਸ਼ਨ ਰਾਸ਼ਟਰੀ ਰਾਜ ਮਾਰਗ ਨੰਬਰ 54 'ਤੇ ਆ ਕੇ ਸਮਾਪਤ ਹੋਇਆ। ਸਾਰੇ ਰਸਤੇ ਸੰਗਤਾਂ ਵਲੋਂ 'ਬਾਦਲਾਂ ਨੂੰ ਗ੍ਰਿਫ਼ਤਾਰ ਕਰੋ, ਸਿੱਟ ਟੀਮ ਨੂੰ ਬਿਨਾਂ ਦਖ਼ਲ ਦੇ ਜਾਂਚ ਕਰਨ ਦੀ ਇਜਾਜ਼ਤ ਦਿਉ, ਸ਼ਹੀਦ ਪਰਵਾਰਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਉ, ਦੇ ਨਾਹਰਿਆਂ ਨਾਲ ਕੈਪਟਨ ਸਰਕਾਰ ਨੂੰ ਵੀ ਚਿਤਾਵਨੀ ਦਿਤੀ ਗਈ।

ਅਪਣੇ ਸੰਬੋਧਨ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ ਕੁੰਵਰਵਿਜੈ ਪ੍ਰਤਾਪ ਸਿੰਘ ਦੇ ਐਸਆਈਟੀ ਵਿਚ ਜੁੜੇ ਰਹਿਣ 'ਤੇ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਆਸ ਸੀ ਪਰ ਤਬਾਦਲੇ ਮਗਰੋਂ ਉਹ ਧੁੰਦਲੀ ਪੈਂਦੀ ਨਜ਼ਰ ਆ ਰਹੀ ਹੈ। ਜਸਵਿੰਦਰ ਸਿੰਘ ਸਾਹੋਕੇ, ਬੂਟਾ ਸਿੰਘ ਜੋਧਪੁਰੀ, ਰਣਜੀਤ ਸਿੰਘ ਵਾਂਦਰ, ਸੁਖਦੇਵ ਸਿੰਘ ਪੰਜਗਰਾਈਂ ਖ਼ੁਰਦ, ਬਲਵੀਰ ਸਿੰਘ ਸਰਾਵਾਂ ਆਦਿ ਨੇ ਸਾਂਝੇ ਤੌਰ 'ਤੇ ਆਖਿਆ ਕਿ ਇਹ ਪੁਲਿਸ ਅਧਿਕਾਰੀ ਬੇਦਾਗ਼ ਅਤੇ ਨਿਰਪੱਖ ਅਧਿਕਾਰੀ ਹੈ ਜਿਸ ਤੋਂ ਬਹਿਬਲ ਅਤੇ ਕੋਟਕਪੁਰਾ ਗੋਲੀਕਾਂਡ ਦੇ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਆਸ ਹੈ। 

ਗਰਮਖ਼ਿਆਲੀ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿਤੀ ਕਿ ਜੇ ਕੈਪਟਨ ਸਰਕਾਰ ਵੀ ਬਾਦਲਾਂ ਵਾਲੇ ਰਾਹ 'ਤੇ ਚਲੀ ਤਾਂ ਆਉਣ ਵਾਲੇ ਸਮੇਂ 'ਚ ਉਨ੍ਹਾਂ ਦਾ ਵੀ ਬਾਦਲਾਂ ਵਾਲਾ ਹਸ਼ਰ ਹੋਵੇਗਾ। ਉਕਤ ਆਗੂਆਂ ਨੇ ਪੰਜਾਬ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ-ਭਾਜਪਾ ਉਮੀਦਵਾਰਾਂ ਦੇ ਪਿੰਡਾਂ 'ਚ ਆਉਣ 'ਤੇ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਜਾਵੇ।