ਪ੍ਰਕਾਸ਼ ਸਿੰਘ ਬਾਦਲ ਦੀ ਗੁਰੂ ਘਰ ਦੇ ਦੁਸ਼ਮਣਾਂ ਨਾਲ ਸਾਂਝ : ਭਾਈ ਰਣਜੀਤ ਸਿੰਘ
ਕਿਹਾ - ਪ੍ਰਕਾਸ਼ ਸਿੰਘ ਬਾਦਲ ਦੀ ਕ੍ਰਿਪਾ ਨਾਲ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ
ਦਿੜ੍ਹਬਾ ਮੰਡੀ : ਕਸਬਾ ਸੂਲਰ ਘਰਾਟ ਵਿਚ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਪ੍ਰਧਾਨ ਪੰਥਕ ਅਕਾਲੀ ਲਹਿਰ ਵਿਸ਼ੇਸ਼ ਤੌਰ 'ਤੇ ਸਮਾਗਮ ਵਿਚ ਸ਼ਾਮਲ ਹੋਏ। ਉਨ੍ਹਾਂ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਕ੍ਰਿਪਾ ਨਾਲ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਸ਼੍ਰੋਮਣੀ ਕਮੇਟੀ ਦਾ ਦਫ਼ਤਰ ਬਾਦਲ ਦਾ ਚੋਣ ਦਫ਼ਤਰ ਬਣਿਆ ਹੋਇਆ ਹੈ।
ਪ੍ਰਕਾਸ਼ ਸਿੰਘ ਬਾਦਲ ਦੇ ਪਰਵਾਰ ਪਾਸੋਂ ਜੇਕਰ ਸ਼੍ਰੋਮਣੀ ਕਮੇਟੀ ਆਜ਼ਾਦ ਨਾ ਕਰਾਈ ਤਾਂ ਕੁੱਝ ਸਮੇਂ ਬਾਅਦ ਦਰਬਾਰ ਸਾਹਿਬ ਟੱਲੀਆਂ ਖੜਕਣ ਲੱਗ ਜਾਣਗੀਆਂ। ਪ੍ਰਕਾਸ਼ ਸਿੰਘ ਬਾਦਲ ਦੀ ਗੁਰੂ ਘਰ ਦੇ ਦੁਸ਼ਮਣਾਂ ਨਾਲ ਸਾਂਝ ਹੈ ਅਤੇ ਇਹ ਗੁਰੂ ਘਰਾਂ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ। ਜਦੋਂ ਪੱਤਰਕਾਰਾਂ ਵਲੋਂ ਉਨ੍ਹਾਂ ਨੂੰ ਤਰਨਤਾਰਨ ਸਾਹਿਬ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਨੇ 2018 ਵਿਚ ਮਤਾ ਨੰਬਰ 550 ਰਾਹੀਂ ਪਾਸ ਕਰ ਕੇ ਬਾਬਾ ਜਗਤਾਰ ਸਿੰਘ ਨੂੰ ਕਿਹਾ ਸੀ ਕਿ ਦੋ ਸਾਲਾਂ ਵਿਚ ਡਿਉਢੀ ਨੂੰ ਢਾਹ ਕੇ ਦੁਬਾਰਾ ਮੁਕੰਮਲ ਕਰ ਕੇ ਦਿਤਾ ਜਾਵੇ।
ਵੱਡੇ-ਵੱਡੇ ਗੁਰਦਵਾਰੇ ਸਾਰੇ ਕਾਰ ਸੇਵਾ ਵਾਲੇ ਵਾਲਿਆਂ ਪਾਸੋਂ ਬਣਾਏ ਗਏ ਹਨ ਤੇ ਸ਼੍ਰੋਮਣੀ ਕਮੇਟੀ ਨੇ ਅਜੇ ਤਕ ਬਾਥਰੂਮ ਵੀ ਨਹੀਂ ਬਣਾਇਆ। ਇਸ ਮੌਕੇ ਭਾਈ ਜਗਤਾਰ ਸਿੰਘ ਗੁੱਜਰਾਂ, ਭਾਈ ਅਮਰਜੀਤ ਸਿੰਘ ਕਣਕਵਾਲ ਭੰਗੂਆਂ, ਜੋਗਿੰਦਰ ਸਿੰਘ ਗੁੱਜਰਾਂ, ਅਵਤਾਰ ਸਿੰਘ ਮਹਿਲਾ, ਰਾਜ ਸਿੰਘ ਤੂਰਬਨਜਾਰਾ ਅਤੇ ਮਲਕੀਤ ਸਿੰਘ ਖੇਤਲਾ ਹਾਜ਼ਰ ਸਨ।