ਬਲਜੀਤ ਸਿੰਘ ਦਾਦੂਵਾਲ ਨੇ ਦੱਸੀ ਬਾਦਲ ਪਿੰਡ ’ਚ ਹੋਈ ਝੜਪ ਦੀ ਅਸਲ ਵਜ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਜੀਤ ਖੋਸਾ ਵਲੋਂ ਸਾਂਝੇ ਮਾਰਚ ਨੂੰ ਵੱਖਰੀ ਰੂਪ ਰੇਖਾ ਦੇਣ ਦੀ ਕੀਤੀ ਜਾ ਰਹੀ ਸੀ ਕੋਸ਼ਿਸ਼

Baljeet Singh Daduwal

ਬਠਿੰਡਾ: ਬਾਦਲਾਂ ਦੀ ਕੋਠੀ ਘੇਰਨ ਜਾ ਰਹੇ ਬਰਗਾੜੀ ਮੋਰਚੇ ਵਾਲਿਆਂ ਵਿਚ ਹੋਈ ਝੜਪ ਦੀ ਅਸਲ ਵਜ੍ਹਾ ਬਲਜੀਤ ਸਿੰਘ ਦਾਦੂਵਾਲ ਨੇ ਦੱਸਦੇ ਹੋਏ ਕਿਹਾ ਕਿ ਇਹ ਸਭ ਦਾ ਸਾਂਝਾ ਮਾਰਚ ਸੀ ਪਰ ਸੁਖਜੀਤ ਸਿੰਘ ਖੋਸਾ ਵਲੋਂ ਲਗਾਤਾਰ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਜਿਸ ਕਰਕੇ ਬਾਦਲ ਪਿੰਡ ਪਹੁੰਚ ਕੇ ਉਨ੍ਹਾਂ ਦੀ ਬਹਿਸ ਝੜਪ ਵਿਚ ਤਬਦੀਲ ਹੋ ਗਈ। ਉਨ੍ਹਾਂ ਕਿਹਾ ਕਿ ਸੁਖਜੀਤ ਸਿੰਘ ਖੋਸਾ ਨੇ ਇਸ ਸਾਂਝੇ ਮਾਰਚ ਨੂੰ ਇਕ ਵੱਖਰੀ ਰੂਪ ਰੇਖਾ ਦੇਣ ਦੀ ਕੋਸ਼ਿਸ਼ ਕੀਤੀ ਸੀ।

ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਸਟੇਜ ਤੋਂ ਐਲਾਨ ਕੀਤਾ ਸੀ ਕਿ ਸਭ ਆਗੂਆਂ ਨੂੰ ਬੋਲਣ ਦਾ ਬਰਾਬਰ ਮੌਕਾ ਦਿਤਾ ਜਾਵੇ ਪਰ ਸੁਖਜੀਤ ਖੋਸਾ ਨੇ ਇਹ ਕਹਿ ਦਿਤਾ ਕਿ ਕਿਸੇ ਹੋਰ ਆਗੂ ਨੂੰ ਬੋਲਣ ਦਾ ਮੌਕਾ ਨਹੀਂ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਖਜੀਤ ਖੋਸਾ ਸਟੇਜ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਇਸ ਦੇ ਲਈ ਸੰਗਤ ਨੇ ਵੀ ਉਸ ਨੂੰ ਸਮਝਾਇਆ ਤੇ ਅਜਿਹਾ ਕਰਨ ਤੋਂ ਮਨ੍ਹਾਂ ਵੀ ਕੀਤਾ ਪਰ ਸੁਖਜੀਤ ਖੋਸਾ ਦੀ ਗਲਤ ਬਿਆਨਬਾਜ਼ੀ ਕਰਕੇ ਸੰਗਤ ਦਾ ਗੁੱਸਾ ਬਾਦਲ ਪਿੰਡ ਜਾ ਕੇ ਫੁੱਟਿਆ ਅਤੇ ਇੱਥੇ ਜ਼ਬਰਦਸਤ ਝੜਪ ਹੋ ਗਈ।

ਦੱਸ ਦਈਏ ਕਿ ਇਹ ਰੋਸ ਮਾਰਚ ਫ਼ਰੀਦਕੋਟ ਵਿਖੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ "ਬਾਦਲ ਹਰਾਓ, ਪੰਜਾਬ ਬਚਾਓ" ਦੇ ਨਾਅਰੇ ਤਹਿਤ ਬਾਦਲ ਪਿੰਡ ਤੱਕ ਕੱਢਿਆ ਗਿਆ ਸੀ। ਇਸ ਮਾਰਚ ਵਿਚ 25 ਸਿੱਖ ਜਥੇਬੰਦੀਆਂ ਦੇ ਲਗਭੱਗ 200 ਮੈਂਬਰਾਂ ਦਾ ਇਕੱਠ ਬਾਦਲ ਦੀ ਕੋਠੀ ਘੇਰਨ ਪਹੁੰਚਿਆ ਸੀ। ਸਿੱਖ ਜਥੇਬੰਦੀਆਂ ਵਲੋਂ ਇਹ ਵਿਰੋਧ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਵਿਰੁਧ ਕੀਤਾ ਗਿਆ ਸੀ।