ਲੱਖਾ ਸਿਧਾਣਾ ਨੇ ਮੰਡ ਅਤੇ ਦਾਦੂਵਾਲ ਨੂੰ ਸੁਣਾਈਆਂ ਖਰੀਆਂ-ਖਰੀਆਂ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ, ਇਨਸਾਫ ਦੀ ਮੰਗ ਲਈ ਕੱਢਿਆ ਗਿਆ ਖਾਲਸਾ ਮਾਰਚ... 

Lakha Sidhana

ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨੂੰ ਲੈ ਕੇ ਇਨਸਾਫ ਦੀ ਮੰਗ ਲਈ ਬੀਤੇ ਦਿਨੀ ਖਾਲਸਾ ਮਾਰਚ ਕੱਢਿਆ ਗਿਆ। ਇਸ ਮਾਰਚ ਵਿਚ ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨਹੀਂ ਪਹੁੰਚੇ। ਜਿਸਦੇ ਚਲਦੇ ਸਰਕਾਰਾਂ ਪ੍ਰਤੀ ਰੋਸ ਪ੍ਰਗਟ ਕਰਨ ਲਈ ਖਾਲਸਾ ਮਾਰਚ ਵਿਚ ਸ਼ਾਮਿਲ ਹੋਏ ਲੱਖਾ ਸਿਧਾਣਾ ਨੇ ਦੋਹਾਂ ਮੁਤਵਾਜ਼ੀ ਜਥੇਦਾਰਾਂ ਸਮੇਤ ਸਰਕਾਰਾਂ 'ਤੇ ਨਿਸ਼ਾਨਾ ਸਾਧਿਆ। ਦੱਸ ਦੇਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਇਨਸਾਫ ਲੈਣ ਲਈ ਦਾਦੂਵਾਲ ਅਤੇ ਮੰਡ ਦੀ ਅਗਵਾਈ ਵਿਚ ਬਰਗਾੜੀ ਵਿਖੇ ਮੋਰਚਾ ਲਗਾਇਆ ਗਿਆ ਸੀ।

ਜਿਸਦੀ ਸਮਾਪਤੀ ਸਮੇਂ ਇਕ ਕਮੇਟੀ ਬਣਾਈ ਗਈ। ਉਸੇ ਕਮੇਟੀ ਦੀ ਅਗਵਾਈ ਵਿਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲੈ ਕੇ ਬਰਗਾੜੀ ਤੱਕ ਖਾਲਸਾ ਮਾਰਚ ਕੱਢਿਆ ਗਿਆ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਾਮਿਲ ਹੋ ਸਰਕਾਰਾਂ ਪ੍ਰਤੀ ਰੋਸ ਜਾਹਿਰ ਕੀਤਾ। ਜ਼ਿਕਰਯੋਗ ਹੈ ਕਿ ਲੱਖਾ ਸਿਧਾਣਾ ਪਹਿਲਾਂ ਵੀ ਕਈ ਜਣਿਆਂ ਨੂੰ ਹੁਣ ਤੱਕ ਖਰੀਆ-ਖਰੀਆ ਸੁਣਾ ਚੁੱਕੇ ਹਨ। ਲੱਖਾ ਸਿਧਾਣਾ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ, ਉਸਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਿਆਂ ਹਮੇਸ਼ਾ ਅੱਗੇ ਹੋ ਕੇ ਬੋਲਿਆ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੀ ਪੰਜਾਬੀ ਸਾਹਿਤ ਕਾਨਫਰੰਸ ਵਿੱਚ ਅਚਾਨਕ ਲੱਖਾ ਸਿਧਾਣਾ ਨੇ ਪਹੁੰਚ ਕੇ ਬੋਲਣਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਉੱਥੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬੀਐਸ ਘੁੰਮਣ, ਕਵੀ ਸੁਰਜੀਤ ਪਾਤਰ ਵੀ ਮੌਜੂਦ ਸਨ। ਲੱਖਾ ਸਿਧਾਣਾ ਨੇ ਕਿਹਾ ਸੀ ਕਿ ਅੱਜ ਇਹ ਕਾਂਨਫਰੰਸ ਸਾਡੀ ਪੰਜਾਬੀ ਭਾਸ਼ਾ ਨੂੰ ਪੂਰੀ ਦੁਨੀਆਂ ਵਿੱਚ ਪ੍ਰਫੁਲਿੱਤ ਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਸਿਰਫ਼ ਦੋ ਯੂਨੀਵਰਸਿਟੀਆਂ ਹਨ ਜੋ ਭਾਸ਼ਾ ਤੇ ਹਨ।

ਇੱਕ ਇਜ਼ਰਾਇਲ ਦੀ ਤੇ ਦੂਜੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਪਰ ਕੀ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਨੂੰ ਪ੍ਰਫੁਲਿੱਤ ਕਰਨ ਪ੍ਰਤੀ ਕੀਤੇ ਆਪਣੇ ਵਾਅਦਿਆਂ ਉੱਤੇ ਖਰੀ ਉਤਰ ਰਹੀ ਹੈ? ਲੱਖਾ ਸਿਧਾਣਾ ਨੇ ਵੀਸੀ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਕੋਈ ਰਸੀਦ ਲੈਣੀ ਹੋਵੇ ਉਹ ਵੀ ਅੰਗਰੇਜ਼ੀ ਵਿੱਚ, ਯੂਨੀਵਰਸਿਟੀ ਵਿੱਚ ਜਿੰਨੇ ਵੀ ਬੋਰਡ ਲੱਗੇ ਹਨ ਉਹ ਵੀ ਅੰਗਰੇਜ਼ੀ ਵਿੱਚ ਹਨ, ਅਜਿਹਾ ਕਿਉਂ ਹੈ? ਉਨ੍ਹਾਂ ਕਿਹਾ ਕਿ ਅਸੀਂ ਗੱਲਾਂ ਵੱਡੀਆਂ-ਵੱਡੀਆਂ ਕਰ ਰਹੇ ਹਾ।

ਪਰ ਜ਼ਮੀਨੀ ਪੱਧਰ ਤੇ ਪੰਜਾਬੀ ਭਾਸ਼ਾ ਲਈ ਕੁਝ ਨਹੀਂ ਕਰ ਰਹੇ। ਉਨ੍ਹਾਂ ਸੁਰਜੀਤ ਪਾਤਰ ਨੂੰ ਕਿਹਾ ਸੀ ਕਿ ਤੁਸੀਂ ਪੰਜਾਬ ਆਰਟ ਕੌਂਸਲ ਦੇ ਪ੍ਰਧਾਨ ਹੋ ਪਰ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਦਾ ਬੁਰਾ ਹਾਲ ਹੈ। ਪੰਜਾਬੀ ਬੋਲਣ ‘ਤੇ ਪਾਬੰਦੀ ਹੈ ਤੇ ਤੁਸੀਂ ਸਰਕਾਰ ਕੋਲ ਇਹ ਮੁੱਦਾ ਚੁੱਕ ਸਕਦੇ ਹੋ, ਪਰ ਤੁਸੀਂ ਇਸ ‘ਤੇ ਕੰਮ ਨਹੀਂ ਕਰ ਰਹੇ। ਲੱਖਾ ਸਿਧਾਣਾ ਸਿੱਧਾ ਕਿਹਾ ਸੀ ਕਿ ਜੇ ਪੰਜਾਬੀ ਜ਼ੁਬਾਨ ਲਈ ਸੱਚੀਂ ਵਿੱਚ ਕੰਮ ਕਰਨਾ ਹੈ ਤਾਂ ਬੰਦ ਦਰਵਾਜ਼ਿਆਂ ਅੰਦਰ ਕਾਂਨਫਰੰਸਾਂ ਕਰਨ ਨਾਲ ਕੁੱਝ ਨਹੀਂ ਹੋਣਾ।