ਆਲ ਇੰਡੀਆ ਗੁਰਦਵਾਰਾ ਐਕਟ ਦੇ ਖਰੜੇ ਨੂੰ ਬਾਦਲ ਨੇ ਠੰਢੇ ਬਸਤੇ 'ਚ ਪਾਇਆ : ਸੇਖਵਾਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਕਮੇਟੀ 'ਤੇ ਅਪਣਾ ਕਬਜ਼ਾ ਬਣਾਈ ਰੱਖਣ ਦੇ ਲਾਲਚ ਵੱਸ ਹੀ ਲੋਕ ਸਭਾ ਵਲੋਂ ਪਾਸ ਕੀਤੇ ਜਾਣ...

Sewa Singh Sekhwan

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਕਮੇਟੀ 'ਤੇ ਅਪਣਾ ਕਬਜ਼ਾ ਬਣਾਈ ਰੱਖਣ ਦੇ ਲਾਲਚ ਵੱਸ ਹੀ ਲੋਕ ਸਭਾ ਵਲੋਂ ਪਾਸ ਕੀਤੇ ਜਾਣ ਵਾਲੇ ਆਲ ਇੰਡੀਆ ਗੁਰਦਵਾਰਾ ਐਕਟ ਨੂੰ ਸਿਰੇ ਨਹੀਂ ਚੜ੍ਹਨ ਦੇ ਰਹੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਤੋਂ ਵੱਖ ਹੋਏ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੇ ਕੀਤਾ।

ਸੇਖਵਾਂ ਨੇ ਕਿਹਾ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਨ ਨਾਲ ਇੱਕ ਪ੍ਰਧਾਨ, ਇੱਕ ਵਿਧਾਨ ਤੇ ਇੱਕ ਸੰਵਿਧਾਨ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਅਕਸ ਬਣੇਗਾ। ਉਨ੍ਹਾਂ ਕਿਹਾ ਕਿ ਉਹ ਜਿਸ ਵੇਲੇ ਅਕਾਲੀ ਦਲ ਬਾਦਲ ਵਿੱਚ ਸਨ ਤਾਂ ਉਨ੍ਹਾਂ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਲਈ ਆਵਾਜ਼ ਬੁਲੰਦ ਕੀਤੀ ਸੀ ਪਰ ਬਾਦਲ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਸੀ। 

ਜਥੇਦਾਰ ਸੇਖਵਾਂ ਨੇ ਕਿਹਾ ਕਿ 1954 ਵਿਚ ਅਜੀਤ ਸਿੰਘ ਮਾਲਵੀ ਵਲੋਂ ਲੋਕ ਸਭਾ ਵਿਚ ਕੀਤੇ ਅਪਣੇ ਪਹਿਲੇ ਭਾਸ਼ਣ ਦੌਰਾਨ ਕਿਹਾ ਸੀ ਕਿ ਸਿੱਖਾਂ ਨੂੰ 1925 ਵਾਲਾ ਐਕਟ ਮਨਜ਼ੂਰ ਨਹੀਂ, ਇਸ ਵਾਸਤੇ ਆਲ ਇੰਡੀਆ ਗੁਰਦਵਾਰਾ ਐਕਟ ਨੂੰ ਮੰਜ਼ੂਰ ਕਰ ਕੇ ਕਾਨੂੰਨੀ ਦਰਜਾ ਦਿੱਤਾ ਜਾਵੇ।  ਉਨ੍ਹਾਂ ਕਿਹਾ ਕਿ ਹੁਣ ਤਕ ਅਕਾਲੀ ਦਲ ਜਾਂ ਸਿੱਖਾਂ ਵਲੋਂ ਜਿੰਨੇ ਵੀ ਸੰਘਰਸ਼ ਕੀਤੇ ਗਏ ਹਨ ਸਾਰੇ ਹੀ ਸੰਘਰਸ਼ਾਂ ਦੌਰਾਨ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਉਠਾਈ ਜਾਂਦੀ ਰਹੀ ਹੈ। ਪੰਜਾਬ 'ਚ ਬਾਦਲ ਨੂੰ ਸ਼੍ਰੋਮਣੀ ਕਮਟੀ 'ਤੇ ਅਪਣਾ ਦਬਦਬਾ ਹਿਲਦਾ ਪ੍ਰਤੀਤ ਹੋਣ ਕਾਰਨ ਸਿਰਫ਼ ਸ਼੍ਰੋਮਣੀ ਕਮਟੀ 'ਤੇ ਅਪਣਾ ਕਬਜ਼ਾ ਬਣਾਈ ਰੱਖਣ ਦੇ ਲਾਲਚ ਵੱਸ ਹਰਸਿਮਰਤ ਬਾਦਲ ਨੂੰ ਕਹਿ ਕੇ ਉਕਤ ਮਤੇ ਨੂੰ ਠੰਢੇ ਬਸਤੇ ਵਿਚ ਪਾਇਆ ਹੋਇਆ ਹੈ।