ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਸੱਦਾ ਦੇਣ ਲਈ ਅਮਰੀਕਾ ਪਹੁੰਚੇ ਪਾਕਿ ਦੇ ਗਵਰਨਰ
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ
ਅੰਮ੍ਰਿਤਸਰ : ਪਾਕਿਸਤਾਨ ਦੇ ਗਵਰਨਰ ਜਨਾਬ ਚੌਧਰੀ ਮੁਹਮੰਦ ਸਰਵਰ ਅਮਰੀਕਾ ਨਿਵਾਸੀ ਸਿੱਖ ਕੌਮ ਨੂੰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਮਨਾਉਣ ਦਾ ਸੱਦਾ ਦੇਣ ਲਈ ਅਮਰੀਕਾ ਪਹੁੰਚ ਗਏ ਹਨ। ਨਿਊਯਾਰਕ ਵਿਚ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ, ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਈਸਟ ਕੋਸਟ ਕਮੇਟੀ ਤੇ ਸਿੱਖ ਚੈਂਬਰਜ਼ ਆਫ਼ ਕਾਮਰਸ ਨੇ ਇਕ ਸਾਂਝੇ ਵਫ਼ਦ ਦੇ ਰੂਪ ਵਿਚ ਗਰਵਰਨ ਸਾਹਿਬ ਨਾਲ ਸ਼ਾਨਦਾਰ ਮਾਹੌਲ ਵਿਚ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਿਆ।
ਉਨ੍ਹਾਂ ਕਿਹਾ ਕਿ ਉਹ ਅਮਰੀਕਾ ਵਸਦੇ ਸਿੱਖਾਂ ਨੂੰ ਇਹ ਸੱਦਾ ਦੇਣ ਖ਼ਾਸ ਤੌਰ 'ਤੇ ਇਥੇ ਆਏ ਹਨ ਕਿ ਸਿੱਖ ਆਪ ਅਪਣੇ ਹੱਥੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਵੀ ਮਨਾਉਣ ਤੇ ਵੱਧ ਚੜ੍ਹ ਕੇ ਹਿੱਸਾ ਵੀ ਲੈਣ। ਉਹ ਨਨਕਾਣਾ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕਾਰਜ ਤੇ ਨਨਕਾਣਾ ਸਾਹਿਬ ਬਣਨ ਜਾ ਰਹੀ ਗੁਰੂ ਨਾਨਕ ਦੇਵ ਯੂਨੀਵਰਸਟੀ ਬਾਰੇ ਵੀ ਗੱਲਬਾਤ ਕਰਨ ਆਏ ਹਨ।
ਇਨ੍ਹਾਂ ਤਿੰਨ ਵੱਡੇ ਕਾਰਜਾਂ ਬਾਰੇ ਸਿੱਖ ਆਪ ਜਾ ਕੇ ਪਾਕਿਸਤਾਨ ਸਰਕਾਰ ਦੇ ਨੇਕ ਇਰਾਦਿਆਂ 'ਤੇ ਹੋ ਰਹੇ ਕੰਮਾਂ ਨੂੰ ਵੇਖਣ ਤੇ ਮਹਿਸੂਸ ਕਰਨ ਕਿ ਪਾਕਿਸਤਾਨ ਸਰਕਾਰ ਸਿੱਖ ਕੌਮ ਦੀ ਰੂਹਾਨੀਅਤ ਤੇ ਚੜ੍ਹਦੀ ਕਲਾ ਲਈ ਸਿਰ ਤੋੜ ਯਤਨ ਕਰ ਰਹੀ ਹੈ ਤਾਕਿ ਸਿੱਖਾਂ ਨੂੰ ਪਾਕਿਸਤਾਨ ਅਪਣੇ ਘਰ ਵਾਂਗ ਲੱਗੇ। ਡਾਕਟਰ ਪ੍ਰਿਤਪਾਲ ਸਿੰਘ ਹੁਰਾਂ ਤੇ ਯਾਦਵਿੰਦਰ ਸਿੰਘ ਨੇ ਗਵਰਨਰ ਚੌਧਰੀ ਮੁਹੰਮਦ ਨਾਲ ਮੁਲਾਕਾਤ ਨੂੰ ਬਹੁਤ ਕਾਮਯਾਬ ਦਸਦਿਆਂ ਪਾਕਿਸਤਾਨ ਸਰਕਾਰ ਤੇ ਉਥੋਂ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਤੇ ਸੱਦੇ ਲਈ ਧਨਵਾਦ ਕੀਤਾ। ਗਵਰਨਰ ਚੌਧਰੀ ਮੁਹੰਮਦ ਦੇ ਅਮਰੀਕੀ ਦੌਰੇ 'ਤੇ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਨੂੰ ਪਾਕਿਸਤਾਨ ਸਰਕਾਰ ਦਾ ਬਹੁਤ ਵਧੀਆ ਉਦਮ ਮੰਨਿਆ ਜਾ ਰਿਹਾ ਹੈ।