ਗੁਰੂ ਨਾਨਕ ਦੇਵ ਜੀ ਨਾਲ ਸਬੰਧਤ 100 ਤੋਂ 300 ਸਾਲ ਪੁਰਾਣੇ ਹੱਥ-ਲਿਖਤ ਖਰੜਿਆਂ ਦੀ ਪ੍ਰਦਰਸ਼ਨੀ ਲਗਾਈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹੱਥ ਲਿਖਤਾਂ ਦੀ ਪ੍ਰਦਰਸ਼ਨੀ 14 ਮਾਰਚ ਤਕ ਚਲੇਗੀ

Exhibition of Guru Nanak Dev Ji manuscripts

ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੱਥ ਲਿਖਤਾਂ ਦੇ ਖਰੜੇ ਜੋ 100 ਤੋਂ 300 ਸਾਲ ਪੁਰਾਣੇ ਹਨ ਦੀ ਪ੍ਰਦਰਸ਼ਨੀ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ  ਗੁਰੂ ਗ੍ਰੰਥ ਸਾਹਿਬ ਭਵਨ ਦੇ ਮਿਊਜ਼ੀਅਮ ਹਾਲ ਵਿਚ ਲਗਾਈ ਗਈ ਹੈ। ਦੋ ਦਿਨਾਂ ਇਸ ਹੱਥ ਲਿਖਤਾਂ ਖਰੜੇ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਜਿਥੇ ਆਮ ਸ਼ਰਧਾਲੂਆਂ ਵਲੋਂ ਉਤਸ਼ਾਹ ਵਿਖਾਇਆ ਜਾ ਰਿਹਾ ਹੈ ਉਥੇ ਪੁਰਾਤਨ ਜਨਮ ਸਾਖੀਆਂ ਦਾ ਅਧਿਐਨ ਕਰਨ ਵਾਲੇ ਖੋਜਾਰਥੀਆਂ ਵਲੋਂ ਵੀ ਪੂਰੀ ਦਿਲਚਸਪੀ ਲਈ ਜਾ ਰਹੀ ਹੈ ਅਤੇ 15 ਦੇ ਕਰੀਬ ਹੱਥ ਲਿਖਤਾਂ ਬਾਰੇ ਮਾਹਰਾਂ ਕੋਲੋਂ ਜਾਣਕਾਰੀ ਵੀ ਇੱਕਤਰ ਕੀਤੀ ਜਾ ਰਹੀ ਹੈ। ਹੱਥ ਲਿਖਤਾਂ ਦੀ ਪ੍ਰਦਰਸ਼ਨੀ 14 ਮਾਰਚ ਤਕ ਚਲੇਗੀ।

ਇਹ ਪ੍ਰਦਰਸ਼ਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਦਿਵਸ ਨੂੰ ਸਮਰਪਿਤ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਵਲੋਂ ਲਗਾਈ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ 'ਕਲਾ ਤੇ ਸਾਹਿਤ' ਦੀ ਪ੍ਰਦਰਸ਼ਨੀ ਦਾ ਉਦਘਾਟਨ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਹਰਦੀਪ ਸਿੰਘ ਨੇ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਮੁਖੀ ਡਾ. ਅਮਰਜੀਤ ਸਿੰਘ ਨੇ ਦਸਿਆ ਕਿ ਇਸ ਪ੍ਰਦਰਸ਼ਨੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਕਾਰਜਾਂ ਨਾਲ ਸਬੰਧਤ 22 ਤਸਵੀਰਾਂ ਲਗਾਈਆਂ ਗਈਆਂ ਹਨ।

ਇਸ ਦੇ ਨਾਲ-ਨਾਲ ਬਾਬੇ ਨਾਨਕ ਨਾਲ ਸਬੰਧਤ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ। ਜਿਸ ਵਿਚ ਜਨਮ ਸਾਖੀਆਂ, ਸ੍ਰੀ ਨਾਨਕ ਪ੍ਰਕਾਸ਼ ਤੇ 'ਜਪੁ' ਜੀ ਸਾਹਿਬ ਬਾਣੀ ਦੇ ਟੀਕਿਆਂ ਦੇ 15 ਹੱਥ-ਲਿਖਤ ਖਰੜੇ ਪ੍ਰਦਰਸ਼ਨੀ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਹ ਸਾਰੇ ਹੱਥ-ਲਿਖਤ ਖਰੜੇ 100 ਤੋਂ 300 ਸਾਲ ਪੁਰਾਣੇ ਕਲਮ ਨਾਲ ਲਿਖਾਰੀਆਂ ਵਲੋਂ ਲਿਖੇ ਹੋਏ ਹਨ। ਇਸ ਮੌਕੇ ਜਿੱਥੇ ਵੱਖ-ਵੱਖ ਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ ਉਥੇ ਵਿਦਿਆਰਥੀਆਂ ਵਲੋਂ ਵੀ ਹੱਥ ਲਿਖਤ ਖਰੜਿਆਂ ਦੀ ਪ੍ਰਦਰਸ਼ਨੀ ਵਿਚ ਡੂੰਘੀ ਦਿਲਚਸਪੀ ਲਈ ਜਾ ਰਹੀ ਹੈ।