ਸਿੱਖ ਕਤਲੇਆਮ ਸਬੰਧੀ ਪਿਤਰੋਦਾ ਦੇ ਬਿਆਨ ਦੀ ਸ਼੍ਰੋਮਣੀ ਕਮੇਟੀ ਵਲੋਂ ਆਲੋਚਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿਤਰੋਦਾ ਦਾ ਬਿਆਨ ਸਿੱਖਾਂ ਦੇ ਰਿਸਦੇ ਜ਼ਖ਼ਮਾਂ 'ਤੇ ਲੂਣ:  ਡਾ. ਰੂਪ ਸਿੰਘ

SGPC criticized the statement of Sam Pitroda

ਅੰਮ੍ਰਿਤਸਰ : ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਵਲੋਂ 1984 ਦੇ ਸਿੱਖ ਕਤਲੇਆਮ ਨੂੰ ਭੁੱਲ ਜਾਣ ਦੇ ਬਿਆਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਲੋਚਨਾ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਪਿਤਰੋਦਾ ਦਾ ਇਹ ਬਿਆਨ ਸਿੱਖਾਂ ਦੇ ਰਿਸਦੇ ਜ਼ਖ਼ਮਾਂ 'ਤੇ ਲੂਣ ਪਾਉਣ ਦੇ ਤੁੱਲ ਹੈ। ਉਨ੍ਹਾਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਦੇ ਆਗੂ ਮਾਫ਼ੀ ਮੰਗਣ ਦੀ ਥਾਂ 1984 ਦੇ ਕਤਲੇਆਮ ਨੂੰ ਭੁੱਲ ਜਾਣ ਲਈ ਕਹਿ ਰਹੇ ਹਨ। 

ਮੁੱਖ ਸਕੱਤਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਉਹ ਕਰੂਰ ਕਾਰਾ ਸੀ ਜੋ ਮਨੁੱਖੀ ਕਦਰਾਂ-ਕੀਮਤਾਂ ਦੇ ਵਿਰੁਧ ਦਾਨਵ ਬਿਰਤੀ ਦੀ ਸਿਖ਼ਰ ਵਜੋਂ ਇਤਿਹਾਸ ਵਿਚ ਅੰਕਿਤ ਹੈ ਅਤੇ ਹੁਣ ਸੈਮ ਪਿਤਰੋਦਾ ਨੇ ਵੀ ਅਪਣੇ ਬਿਆਨ ਰਾਹੀਂ ਇਹ ਸਵੀਕਾਰ ਕਰ ਲਿਆ ਹੈ ਕਿ ਸਿੱਖ ਕਤਲੇਆਮ ਕਾਂਗਰਸ ਵਲੋਂ ਹੀ ਕੀਤਾ ਗਿਆ ਸੀ। ਪਿਤਰੋਦਾ ਦੇ ਇਸ ਬਿਆਨ ਦੇ ਆਧਾਰ 'ਤੇ ਭਾਰਤ ਸਰਕਾਰ ਨੂੰ ਮੁਕੱਦਮਾ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਸਿੱਖਾਂ ਦੇ ਇਸ ਨਾਸੂਰ ਨੂੰ ਜਾਣਬੁਝ ਕੇ ਕੁਰੇਦਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਜੂਨ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਕਦੇ ਵੀ ਭੁੱਲ ਨਹੀਂ ਸਕਦੀ।

ਕਾਂਗਰਸ ਵਲੋਂ ਕਰਵਾਏ ਗਏ 1984 ਦੇ ਸਿੱਖ ਕਤਲੇਆਮ ਨੇ ਭਾਰਤੀ ਸਭਿਆਚਾਰ ਦੀਆਂ ਪਰੰਪਰਾਵਾਂ, ਰਵਾਇਤਾਂ ਦਾ ਸਿਰਫ਼ ਘਾਣ ਹੀ ਨਹੀਂ ਕੀਤਾ, ਸਗੋਂ ਇਸ ਨਾਲ ਭਾਰਤ ਦੇ ਇਕ ਖ਼ੁਸ਼ਹਾਲ ਸੂਬੇ ਪੰਜਾਬ ਦੀ ਆਰਥਿਕਤਾ, ਸਮਾਜਿਕ ਢਾਂਚੇ ਅਤੇ ਜੀਣ-ਥੀਣ ਦੀਆਂ ਸੰਭਾਵਨਾਵਾਂ ਹੀ ਰੋਲ ਕੇ ਰੱਖ ਦਿਤੀਆਂ। ਉਨ੍ਹਾਂ ਅਮਨ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਮਨੁੱਖਤਾ ਦੀ ਦੁਸ਼ਮਣ ਅਤੇ ਦਿਨ-ਦਿਹਾੜੇ ਸਿੱਖ ਕਤਲੇਆਮ ਕਰਵਾਉਣ ਵਾਲੀ ਧਿਰ ਨੂੰ ਪਿਛਾੜਨ ਲਈ ਅੱਗੇ ਆਉਣ ਤਾਕਿ ਮਨੁੱਖੀ ਸਰੋਕਾਰਾਂ ਦੀ ਖਿੱਲੀ ਉਡਾਉਣ ਵਾਲੇ ਲੋਕਾਂ ਨੂੰ ਸਬਕ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਨਾਸ਼ ਦਾ ਕਾਰਨ ਇਹ ਲੋਕ ਹੀ ਬਣੇ ਸਨ। ਇਸ ਲਈ ਸਿੱਖਾਂ ਤੇ ਪੰਜਾਬੀਆਂ ਨੂੰ ਜਾਤੀ ਤੇ ਜਮਾਤੀ ਤੌਰ 'ਤੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਦੁਸ਼ਮਣ ਤਾਕਤਾਂ ਨੂੰ ਪਛਾਣਨ ਤੇ ਪਛਾੜਨ ਦੀ ਸਖ਼ਤ ਜ਼ਰੂਰਤ ਹੈ।