ਸਿੱਖ ਕਤਲੇਆਮ ਮਾਮਲਾ: ਸੁਪਰੀਮ ਕੋਰਟ ਨੇ ਜਾਂਚ ਪੂਰੀ ਕਰਨ ਲਈ 2 ਮਹੀਨਿਆਂ ਦਾ ਸਮਾਂ ਹੋਰ ਦਿੱਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਸ.ਆਈ.ਟੀ. ਨੇ ਦੱਸਿਆ - ਜਾਂਚ ਦਾ 50 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ

1984 anti-Sikh riots

ਨਵੀਂ ਦਿੱਲੀ : 1984 'ਚ ਹੋਏ ਸਿੱਖ ਕਤਲੇਆਮ ਦੇ 186 ਕੇਸਾਂ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਐਸ.ਆਈ.ਟੀ. ਨੂੰ ਆਪਣੀ ਜਾਂਚ ਪੂਰੀ ਕਰਨ ਲਈ ਦੋ ਮਹੀਨੇ ਦਾ ਹੋਰ ਸਮਾਂ ਦਿੱਤਾ ਹੈ।

ਜਸਟਿਸ ਐਸ.ਏ. ਬੋਬੜੇ ਅਤੇ ਐਸ. ਅਬਦੁਲ ਨਜ਼ੀਰ ਦੀ ਬੈਂਚ ਨੇ ਇਹ ਮਿਆਦ ਉਦੋਂ ਵਧਾਈ ਜਦੋਂ ਐਸ.ਆਈ.ਟੀ. ਨੇ ਦੱਸਿਆ ਕਿ ਜਾਂਚ ਦਾ 50 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਜਾਂਚ ਪੂਰੀ ਕਰਨ ਲਈ ਦੋ ਮਹੀਨੇ ਦਾ ਸਮਾਂ ਚਾਹੀਦਾ ਹੈ। ਸੁਪਰੀਮ ਕੋਰਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਟੀਸ਼ਨਕਰਤਾ ਐਸ. ਗੁਰਲਾਦ ਸਿੰਘ ਕਾਹਲੋਂ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਗੁਰਲਾਲ ਸਿੰਘ ਨੇ ਪਟੀਸ਼ਨ ਪਾਈ ਸੀ ਕਿ 1984 ਸਿੱਖ ਦੰਗਿਆਂ ਵਿੱਚ 62 ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਬਾਰੇ ਵੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ।

ਦਰਅਸਲ ਪਿਛਲੇ ਸਾਲ 11 ਜਨਵਰੀ ਨੂੰ ਸੁਪਰੀਮ ਕੋਰਟ ਨੇ 3 ਮੈਂਬਰੀ ਸਿੱਟ ਦਾ ਗਠਨ ਕੀਤਾ ਸੀ। 186 ਮਾਮਲਿਆਂ ਦੀ ਜਾਂਚ ਲਈ ਗਠਨ ਕੀਤਾ ਗਿਆ ਸੀ। ਸਿੱਟ ਲਈ ਢੁਕਵਾਂ ਤੀਜਾ ਮੈਂਬਰ ਨਹੀਂ ਮਿਲਿਆ ਸੀ। ਜਿਸ ਕਾਰਨ ਕਰੀਬ 10 ਮਹੀਨੇ ਜਾਂਚ ਦਾ ਕੰਮ ਰੁਕਿਆ ਰਿਹਾ ਹੈ। ਸੁਪਰੀਮ ਕੋਰਟ ਵੱਲੋਂ ਆਦੇਸ਼ ਦਿੱਤੇ ਗਏ। 2 ਮੈਂਬਰੀ SIT ਹੀ 186 ਮਾਮਲਿਆਂ ਦੀ ਜਾਂਚ ਕਰੇਗੀ। ਸੁਪਰੀਮ ਕੋਰਟ ਨੇ ਹੁਣ SIT ਦੇ ਦੋ ਮੈਂਬਰਾਂ ਵੱਲੋਂ ਜਾਂਚ ਜਾਰੀ ਹੈ।

ਜ਼ਿਕਰਯੋਗ ਹੈ ਕਿ 31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਦੋ ਸਿੱਖ ਸੁਰੱਖਿਆ ਕਰਮੀਆਂ ਨੇ ਗੋਲੀਆਂ ਮਾਰ ਕੇ ਕਤਲ ਦਿੱਤਾ। ਸ਼ਾਮ ਹੁੰਦੇ-ਹੁੰਦੇ ਪੂਰੀ ਦਿੱਲੀ ਸਮੇਤ ਉੱਤਰ ਭਾਰਤ ਵਿੱਚ ਸਿੱਖਾਂ ਖਿਲਾਫ਼ ਹਿੰਸਾ ਸ਼ੁਰੂ ਹੋ ਗਈ। ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਵਿੱਚ ਸਿੱਖਾਂ ਖਿਲਾਫ ਭਿਆਨਕ ਹਿੰਸਾ ਹੋਈ। ਸਿੱਖ ਵਿਰੋਧੀ ਦੰਗਿਆਂ ਵਿੱਚ ਸੈਂਕੜੇ ਸਿੱਖ ਔਰਤਾਂ, ਬੱਚਿਆਂ ਅਤੇ ਮਰਦਾਂ ਨੇ ਆਪਣੀ ਜਾਨ ਗੁਆਈ। ਸਰਕਾਰੀ ਅੰਕੜਿਆਂ ਮੁਤਾਬਕ 2,733 ਮੌਤਾਂ ਹੋਈਆਂ। ਦਾਅਵਾ ਇਹ ਵੀ ਕੀਤਾ ਜਾਂਦਾ ਹੈ ਕਿ ਇਹ ਅੰਕੜਾ ਕਿਤੇ ਵੱਧ ਹੈ।