ਸਿੱਖ ਕਤਲੇਆਮ 'ਤੇ ਵਿਵਾਦਤ ਬਿਆਨ ਮਗਰੋਂ ਸੈਮ ਪਿਤਰੋਦਾ ਬੈਕਫੁਟ 'ਤੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਭਾਜਪਾ ਨੇ ਮੇਰੇ 3 ਸ਼ਬਦਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ

Sam Pitroda tweets his pics of golden temple pics

ਨਵੀਂ ਦਿੱਲੀ : ਇੰਡੀਅਨ ਓਵਰਸੀਜ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ 1984 ਸਿੱਖ ਕਤਲੇਆਮ 'ਤੇ ਦਿੱਤੇ ਬਿਆਨ ਤੋਂ ਬਾਅਦ ਹੁਣ ਬੈਕਫੁਟ 'ਤੇ ਆਉਂਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਨੇ ਭਾਜਪਾ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਬਿਆਨ 'ਚੋਂ 'ਤਿੰਨ ਸ਼ਬਦ' ਕੱਢ ਕੇ ਗ਼ਲਤ ਤਰੀਕੇ ਨਾਲ ਪੇਸ਼ ਕੀਤੇ ਗਏ ਹਨ।

ਸੈਮ ਪਿਤਰੋਦਾ ਨੇ ਦਰਬਾਰ ਸਾਹਿਬ 'ਚ 8 ਮਈ ਨੂੰ ਮੱਥਾ ਟੇਕਣ ਦੀ ਆਪਣੀ ਤਸਵੀਰ ਨੂੰ ਟਵੀਟ ਕੀਤਾ। ਉਨ੍ਹਾਂ ਨੇ ਇਕ ਟਵੀਟ ਕਰ ਕੇ ਆਪਣੀ ਸਫ਼ਾਈ ਦਿੰਦਿਆਂ ਕਿਹਾ, "ਮੈਂ ਆਪਣੇ ਸਿੱਖ ਭਰਾਵਾਂ-ਭੈਣਾਂ ਦਾ ਦਰਦ ਸਮਝਦਾ ਹਾਂ। ਮੈਂ ਸਮਝਦਾ ਹਾਂ ਕਿ 1984 'ਚ ਉਨ੍ਹਾਂ ਨੂੰ ਕਾਫ਼ੀ ਦੁਖ ਝੱਲਣ ਪਿਆ। ਭਾਜਪਾ ਮੇਰੇ ਤਿੰਨ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਹੀ ਹੈ। ਸਾਨੂੰ ਧਾਰਮਕ ਮੁੱਦੇ 'ਤੇ ਵੰਡ ਕੇ ਆਪਣੀਆਂ ਨਾਕਾਮੀਆਂ ਛੁਪਾ ਰਹਿ ਹੈ। ਦੁੱਖ ਹੈ ਕਿ ਭਾਜਪਾ ਕੋਲ ਕਹਿਣ ਲਈ ਕੁਝ ਵੀ ਸਕਾਰਾਤਮਕ ਨਹੀਂ ਹੈ।"

ਸੈਮ ਪਿਤਰੋਦਾ ਵਿਰੁੱਧ ਮਾਮਲਾ ਦਰਜ :
ਸੈਮ ਪਿਤਰੋਦਾ ਵਿਰੁੱਧ ਸਿੱਖਾਂ ਨੇ ਅੱਜ ਦਿੱਲੀ ਸਥਿਤ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪਿਤਰੋਦਾ ਵਿਰੁੱਧ ਪਾਰਲੀਮੈਂਟ ਸਟ੍ਰੀਟ ਪੁਲਿਸ ਥਾਣੇ 'ਚ ਭਾਜਪਾ ਆਗੂ ਤਜਿੰਦਰ ਸਿੰਘ ਬੱਗਾ ਨੇ ਮਾਮਲਾ ਦਰਜ ਕਰਵਾਇਆ ਹੈ। ਸ਼ਿਕਾਇਤ 'ਚ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਨੇ ਸਿੱਖਾਂ ਦੀਆਂ ਭਾਵਨਾਵਾਂ ਦਾ ਅਪਮਾਨ ਅਤੇ ਸੱਟ ਪਹੁੰਚਾਈ ਹੈ।

ਕੀ ਹੈ ਮਾਮਲਾ :
ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੈਮ ਪਿਤਰੋਦਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਇਹ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ, "ਹੁਣ ਕੀ ਹੈ 84 ਦਾ? ਤੁਸੀਂ ਕੀ ਕੀਤਾ ਪੰਜ ਸਾਲਾਂ 'ਚ ਉਸ ਦੀ ਗੱਲ ਕਰੋ। 84 'ਚ ਹੋਇਆ ਤਾਂ ਹੋਇਆ ਤੁਸੀਂ ਕੀ ਕੀਤਾ? ਤੁਸੀਂ ਰੁਜ਼ਗਾਰ ਦੇਣ ਦੇ ਵਾਅਦੇ ਕਰ ਜਨਤਾ ਤੋਂ ਵੋਟਾਂ ਮੰਗੀਆਂ ਸਨ। ਤੁਸੀਂ 200 ਸਮਾਰਟ ਸਿਟੀ ਬਣਾਉਣ ਦਾ ਲੋਕਾਂ ਨੂੰ ਸੁਪਨਾ ਵਿਖਾਇਆ ਸੀ। ਇਸ ਨੂੰ ਵੀ ਤੁਸੀਂ ਪੂਰਾ ਨਹੀਂ ਕਰ ਸਕੇ। ਤੁਸੀਂ ਕੁਝ ਵੀ ਨਹੀਂ ਕੀਤਾ ਹੈ?"