ਬਾਜਾਖ਼ਾਨੇ ਤੋਂ ਬਾਅਦ ਕੋਟਕਪੂਰਾ ਥਾਣੇ 'ਚ ਵੀ ਅਣਪਛਾਤੀ ਪੁਲਿਸ ਵਿਰੁਧ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਵੇਂ ਬੇਅਦਬੀ ਕਾਂਡ ਦੇ ਕਾਰੇ ਤੋਂ ਬਾਅਦ ਵਾਪਰੇ ਪੁਲਿਸੀਆ ਅਤਿਆਚਾਰ ਤੋਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਬਾਜਾਖ਼ਾਨਾ ਥਾਣੇ ਵਿਖੇ ਅਣਪਛਾਤੀ ਪੁਲਿਸ ਵਿਰੁਧ............

Talking to the journalists Ajit Singh and others

ਕੋਟਕਪੂਰਾ : ਭਾਵੇਂ ਬੇਅਦਬੀ ਕਾਂਡ ਦੇ ਕਾਰੇ ਤੋਂ ਬਾਅਦ ਵਾਪਰੇ ਪੁਲਿਸੀਆ ਅਤਿਆਚਾਰ ਤੋਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਬਾਜਾਖ਼ਾਨਾ ਥਾਣੇ ਵਿਖੇ ਅਣਪਛਾਤੀ ਪੁਲਿਸ ਵਿਰੁਧ ਪਰਚਾ ਦਰਜ ਹੋਇਆ ਤੇ ਉਸ ਦੀ ਚਰਚਾ ਮੀਡੀਏ ਤੋਂ ਇਲਾਵਾ ਵਿਧਾਨ ਸਭਾ ਅਤੇ ਲੋਕ ਸਭਾ 'ਚ ਵੀ ਸੁਣਨ ਨੂੰ ਮਿਲੀ ਪਰ ਬੀਤੀ ਦੇਰ ਰਾਤ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਇਕ ਵਾਰ ਫਿਰ ਪੁਲਿਸ ਦੇ ਗੋਲੀਕਾਂਡ ਤੋਂ ਪੀੜਤ ਅਜੀਤ ਸਿੰਘ ਦੇ ਬਿਆਨਾ ਦੇ ਆਧਾਰ 'ਤੇ ਅਣਪਛਾਤੀ ਪੁਲਿਸ ਵਿਰੁਧ ਮਾਮਲਾ ਦਰਜ ਕਰ ਕੇ ਚਰਚਾ ਛੇੜ ਦਿਤੀ ਹੈ। 

ਪਤਾ ਲੱਗਾ ਹੈ ਕਿ ਇਹ ਮਾਮਲਾ ਡੀਜੀਪੀ ਦੇ ਹੁਕਮਾਂ 'ਤੇ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਬਹਿਬਲ ਕਲਾਂ ਗੋਲੀਕਾਂਡ ਕੇਸ 'ਚ ਪੁਲਿਸ ਅਫ਼ਸਰਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਮਾਮਲਾ ਟਲ ਗਿਆ ਹੈ। ਬੀਤੇ ਦਿਨ ਥਾਣਾ ਮੁਖੀ ਨੇ ਖ਼ੁਦ ਪੀੜਤ ਅਜੀਤ ਸਿੰਘ ਨੂੰ ਬਿਆਨ ਦੇਣ ਲਈ ਇਹ ਕਹਿ ਕੇ ਬੁਲਾਇਆ ਕਿ ਜੇਕਰ ਉਨ੍ਹਾਂ ਦੇ ਬਿਆਨਾਂ ਨਾਲ ਮਾਮਲਾ ਦਰਜ ਕੀਤਾ ਜਾਂਦਾ ਹੈ ਤਾਂ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਐਲਾਨੀ ਰਾਹਤ ਰਾਸ਼ੀ ਦੇ ਹੱਕਦਾਰ ਬਣ ਸਕਦੇ ਹਨ। 

ਅੱਜ ਸਥਾਨਕ ਸਿਟੀ ਥਾਣੇ ਵਿਖੇ ਮੀਡੀਆ ਦੇ ਕੈਮਰਿਆਂ ਸਾਹਮਣੇ ਬੋਲਦਿਆਂ ਅਜੀਤ ਸਿੰਘ ਨੇ ਦਸਿਆ ਕਿ 14 ਅਕਤੂਬਰ 2015 ਨੂੰ ਸਵੇਰੇ ਕਰੀਬ 6:00 ਵਜੇ ਤੋਂ ਬਾਅਦ ਪੁਲਿਸ ਅਧਿਕਾਰੀਆਂ ਵਲੋਂ ਚਲਾਈ ਗਈ ਗੋਲੀ ਉਸ ਦੀ ਇਕ ਲੱਤ ਵਿਚੋਂ ਨਿਕਲ ਕੇ ਦੂਜੀ ਲੱਤ ਦੀ ਹੱਡੀ 'ਚ ਫਸ ਗਈ। ਉਹ ਇਲਾਜ ਕਰਾਉਂਦਾ ਰਿਹਾ, ਡੀਐਮਸੀ ਲੁਧਿਆਣਾ ਤਕ ਉਸ ਦਾ ਇਲਾਜ ਹੋਇਆ, ਸਾਰਾ ਖ਼ਰਚਾ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। 

ਨਾ ਤਾਂ ਤਤਕਾਲੀਨ ਬਾਦਲ ਸਰਕਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਵਲੋਂ ਉਸ ਦੀ ਕੋਈ ਮਦਦ ਕੀਤੀ ਗਈ ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਉਪਰੰਤ ਇਨਸਾਫ਼ ਦੀ ਕੁੱਝ ਆਸ ਬੱਝੀ ਹੈ। ਇਸ ਮੌਕੇ ਅਜੀਤ ਸਿੰਘ ਦੇ ਪਿਤਾ ਅਵਤਾਰ ਸਿੰਘ ਤੋਂ ਇਲਾਵਾ ਇਸੇ ਗੋਲੀਕਾਂਡ 'ਚ ਜ਼ਖ਼ੀ ਹੋਏ ਕੇਵਲ ਸਿੰਘ ਤੇ ਗੁਰਚਰਨ ਸਿੰਘ ਵਾਸੀਆਨ ਪਿੰਡ ਸੰਗਤਪੁਰਾ (ਫ਼ਰੀਦਕੋਟ) ਵੀ ਹਾਜ਼ਰ ਸਨ।