ਖ਼ਾਲਿਸਤਾਨ ਦੀ ਥਾਂ ਜਥੇਦਾਰ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਜਾਰੀ ਕਰਨ : ਰਾਜਾਸਾਂਸੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਈ ਲੌਂਗੋਵਾਲ ਦੇਗ਼ ਦੇ ਮਸਲੇ 'ਚ ਕਮਜ਼ੋਰ ਪ੍ਰਧਾਨ ਸਾਬਤ ਹੋਇਆ

Gaini Harpreet Singh

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ ਹਰਪ੍ਰੀਤ ਸਿੰਘ ਨੂੰ ਸੁਝਾਅ ਦਿਤਾ ਹੈ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬਹਾਲ ਕਰਨ ਜੋ 2003 ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਕੌਮ ਲਈ ਜਾਰੀ ਕੀਤਾ ਗਿਆ ਸੀ ਅਤੇ 7 ਸਾਲ ਪੂਰੀ ਸਫ਼ਲਤਾ ਨਾਲ ਚਲਣ ਦੇ ਬਾਵਜੂਦ ਆਰ.ਐਸ.ਐਸ. ਤੇ ਭਾਜਪਾ ਦੀਆਂ ਅਸਿੱਧੀਆਂ ਹਦਾਇਤਾਂ 'ਤੇ ਸੰਨ 2010 'ਚ ਇਸ ਦਾ ਭੋਗ ਪਾ ਦਿਤਾ ਗਿਆ।

ਰਾਜਾਸਾਂਸੀ ਨੇ ਕਿਹਾ ਕਿ ਖ਼ਾਲਿਸਤਾਨ ਬਣਨਾ ਦੂਰ ਦੀ ਗੱਲ ਹੈ ਪਰ ਨਾਨਕਸ਼ਾਹੀ ਕੈਲੰਡਰ ਮੁੜ ਚਾਲੂ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਹੈ। ਉਨ੍ਹਾਂ ਯਾਦ ਕਰਵਾਇਆ ਕਿ ਮੂਲ ਨਾਨਕਸ਼ਾਹੀ ਕੈਲੇਡੰਰ ਦਾ ਸਬੰਧ ਤਖ਼ਤ ਸ਼੍ਰੀ ਦਮਦਮਾ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਨਾਲ ਜੁੜਿਆ ਹੈ ਅਤੇ ਗਿ. ਹਰਪ੍ਰੀਤ ਸਿੰਘ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਰਾਜਾਸਾਂਸੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਮਜ਼ੋਰ ਪ੍ਰਧਾਨ ਕਰਾਰ ਦਿਤਾ ਜਿਨ੍ਹਾਂ ਦੇਗ ਦੇ ਮਸਲੇ 'ਚ ਸਰਕਾਰਾਂ ਤੋਂ ਆਗਿਆ ਮੰਗ ਲਈ। ਇਥੇ ਉਨ੍ਹਾਂ ਯਾਦ ਕਰਵਾਇਆ ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਜੀ ਨੇ ਤੋਸ਼ੇਖਾਨੇ ਦੀਆਂ ਚਾਬੀਆਂ ਦੇ ਮਸਲੇ 'ਚ ਅੰਗਰੇਜ ਡੀ.ਸੀ. ਨੂੰ ਸਿੱਖ ਕੌਮ ਅੱਗੇ ਝੁਕਾਇਆ ਸੀ

ਜੋ ਖ਼ੁਦ ਝਾਬੀਆਂ ਦੇਣ ਗੁਰੂ ਘਰ ਪੁੱਜਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਿੱਖ ਕੌਮ ਨੂੰ ਸਰਕਾਰਾਂ ਅੱਗੇ ਜ਼ਲੀਲ ਕੀਤਾ ਹੈ ਅਤੇ ਉਸ ਨੂੰ ਇਸ ਮਹਾਨ ਸੰਸਥਾ ਤੋਂ ਨੈਤਿਕ ਆਧਾਰ 'ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।