ਘੱਲੂਘਾਰੇ ਦੌਰਾਨ ਗ੍ਰਿਫ਼ਤਾਰ ਕੀਤੇ ਭਾਈ ਭੁਪਿੰਦਰ ਸਿੰਘ ਜ਼ਮਾਨਤ 'ਤੇ ਹੋਏ ਰਿਹਾਅ
ਸਿੱਖ ਜੁਝਾਰੂ ਭਾਈ ਭੁਪਿੰਦਰ ਸਿੰਘ (ਛੇ ਜੂਨ) ਦੀ ਕਲ ਦੇਰ ਸ਼ਾਮ ਪੱਟੀ ਜੇਲ 'ਚੋਂ ਜ਼ਮਾਨਤ 'ਤੇ ਰਿਹਾਈ ਹੋਈ ਹੈ
ਅੰਮ੍ਰਿਤਸਰ: ਸਿੱਖ ਜੁਝਾਰੂ ਭਾਈ ਭੁਪਿੰਦਰ ਸਿੰਘ (ਛੇ ਜੂਨ) ਦੀ ਕਲ ਦੇਰ ਸ਼ਾਮ ਪੱਟੀ ਜੇਲ 'ਚੋਂ ਜ਼ਮਾਨਤ 'ਤੇ ਰਿਹਾਈ ਹੋਈ ਹੈ। ਉਪਰੰਤ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਅਗਵਾਈ 'ਚ ਫ਼ੈਡਰੇਸ਼ਨ ਦੇ ਨੌਜਵਾਨਾਂ ਨੇ ਭਾਈ ਭੁਪਿੰਦਰ ਸਿੰਘ ਨੂੰ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ 'ਚ ਸਨਮਾਨਤ ਕੀਤਾ।
ਫ਼ੈਡਰੇਸ਼ਨ ਵਲੋਂ ਭਾਈ ਭੁਪਿੰਦਰ ਸਿੰਘ ਨੂੰ ਗੁਰੂ ਬਖਸ਼ਿਸ਼ ਸਿਰੋਪਾਉ, ਮੈਡਲ, ਸ਼ੀਲਡ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਨਾਲ ਸਨਮਾਨਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੁਲਿਸ ਨੇ ਜੁਝਾਰੂ ਸਿੱਖ ਨੌਜਵਾਨ ਆਗੂ ਭਾਈ ਭੁਪਿੰਦਰ ਸਿੰਘ (ਛੇ ਜੂਨ ਕਾਂਡ) ਨੂੰ ਘੱਲੂਘਾਰੇ ਤੋਂ ਇਕ ਹਫ਼ਤਾ ਪਹਿਲਾਂ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਸੀ।
ਉਹਨੀਂ ਦਿਨੀਂ ਸ਼ਿਵ ਸੈਨਿਕ ਸੁਧੀਰ ਸੂਰੀ ਨੇ ਸਿੱਖੀ ਅਤੇ ਸਿੱਖਾਂ ਵਿਰੁਧ ਜ਼ਹਿਰ ਉਗਲਿਆ ਸੀ ਤੇ ਉਸ ਨੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਸੀ।
ਇਸ ਦੇ ਜਵਾਬ 'ਚ ਸਖ਼ਤ ਪ੍ਰਤੀਕਿਰਿਆ ਕਰਦਿਆਂ ਭਾਈ ਭੁਪਿੰਦਰ ਸਿੰਘ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਜਵਾਬ ਦਿਤੇ ਸਨ ਅਤੇ ਸੂਰੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਭਾਈ ਭੁਪਿੰਦਰ ਸਿੰਘ ਨੂੰ ਹਿਰਾਸਤ 'ਚ ਲੈ ਕੇ ਜੇਲ ਭੇਜ ਦਿਤਾ ਸੀ।
ਸੰਗਤਾਂ ਨੂੰ ਇਹ ਵੀ ਦੱਸ ਦਈਏ ਕਿ ਭਾਈ ਭੁਪਿੰਦਰ ਸਿੰਘ ਉਹ ਸਿੱਖ ਨੌਜਵਾਨ ਸੀ ਜਿਸ ਨੇ 6 ਜੂਨ 2017 ਨੂੰ ਘੱਲੂਘਾਰੇ ਵਾਲ਼ੇ ਦਿਨ ਸੰਤ ਭਿੰਡਰਾਂਵਾਲਿਆਂ ਦਾ ਪੁਤਲਾ ਫੂਕ ਰਹੇ ਅਨੇਕਾਂ ਸ਼ਿਵ ਸੈਨਿਕਾਂ ਨੂੰ ਇਕੱਲਿਆਂ ਹੀ ਅੱਗੇ ਲਾ ਕੇ ਦੌੜਾਇਆ ਸੀ।
ਭਾਈ ਭੁਪਿੰਦਰ ਸਿੰਘ ਦੀ ਰਿਹਾਈ ਮੌਕੇ ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਸੁਖਦੇਵ ਸਿੰਘ ਹਰੀਆਂ, ਭਾਈ ਪਾਰਸ ਸਿੰਘ ਖ਼ਾਲਸਾ, ਬੀਬੀ ਮਨਿੰਦਰ ਕੌਰ ਆਦਿ ਨੇ ਵੀ ਭਾਈ ਭੁਪਿੰਦਰ ਸਿੰਘ ਦਾ ਸਨਮਾਨ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।