ਨਾਮਧਾਰੀਆਂ ਵਲੋਂ ਗੁਰਬਾਣੀ ਦੇ ਗੁਟਕਿਆਂ ਵਿਚ ਲਿਖੀ ਭੂਮਿਕਾ ਨੇ ਸਿੱਖ ਹਿਰਦੇ ਵਲੂੰਧਰੇ : ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ.............

Baldev Singh Sirsa and others

ਅੰਮ੍ਰਿਤਸਰ : ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਪੁਲਿਸ ਕਮਿਸ਼ਨਰ ਰਾਹੀਂ ਪੰਜਾਬ ਦੇ ਡੀ ਜੀ ਪੀ ਦੇ ਨਾਮ ਇਕ ਯਾਦ ਪੱਤਰ ਭੇਜ ਕੇ ਮੰਗ ਕੀਤੀ ਕਿ ਗੁਰਬਾਣੀ ਦੇ ਬੇਅਦਬੀ ਕਰਨ ਵਾਲੇ ਨਾਮਧਾਰੀਆਂ ਵਿਰੁਧ ਤੁਰਤ ਕਾਰਵਾਈ ਕੀਤੀ ਜਾਵੇ। ਸ. ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਮਧਾਰੀ (ਕੂਕਿਆਂ) ਵਲੋਂ ਸਾਲ 2016 ਵਿਚ ਪ੍ਰਿੰਟਵੈਲ (ਪ੍ਰੈਸ) 146 ਫ਼ੋਕਲ ਪੁਆਇੰਟ ਅੰਮ੍ਰਿਤਸਰ ਤੋਂ (ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਉਲੰਘਣਾ ਕਰ ਕੇ)  ਪੰਜ ਹਜ਼ਾਰ ਗੁਰਬਾਣੀ ਦੇ ਗੁਟਕੇ

ਛਪਵਾਏ ਜਿਨ੍ਹਾਂ ਵਿਚ 100-100 ਪੰਨਿਆਂ ਦੀ ਭੂਮਿਕਾ ਲਿਖੀ  ਹੈ । ਪੜ੍ਹ ਕੇ ਅਨਜਾਣ ਤੋਂ ਅਨਜਾਣ ਸਿੱਖ ਦੀਆਂ ਧਾਰਮਕ ਭਾਵਨਾਵਾਂ ਨੂੰ ਵੱਡੀ ਸੱਟ ਲੱਗਦੀ ਹੈ। ਇਨ੍ਹਾਂ ਗੁਟਕਿਆਂ ਦਾ ਸਿਰਲੇਖ ਹੈ ੴ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ, ਨਾਮਧਾਰੀ ਨਿਤਨੇਮ, ਹਵਨ ਦੀਆਂ ਬਾਣੀਆਂ, ਹਵਨ ਦੀ ਸਮੱਗਰੀ, ਹਵਨ ਕਰਨ ਦੀ ਵਿਧੀ, ਨਾਮਧਾਰੀ ਰਹਿਤ ਮਰਿਆਦਾ ਅਤੇ ਅਰਦਾਸ ਵਿਚ ਵੀ ਤਬਦੀਲੀ ਕਰ ਕੇ ਦਸਮ ਪਾਤਸ਼ਹ ਦੀ ਥਾਂ ਪਾਤਸ਼ਾਹੀ ਬਾਰ੍ਹਵੀਂ ਲਿਖੀ ਹੈ। ਇਸ ਦੇ ਸਬੰਧ ਵਿਚ ਮਿਤੀ 20 ਜੂਨ 2018 ਨੂੰ ਅਤੇ ਉਸ ਤੋਂ ਬਾਅਦ ਮੇਲ ਦੁਆਰਾ ਡੀ.ਜੀ.ਪੀ ਪੰਜਾਬ ਨੂੰ ਕਾਰਵਾਈ ਕਰਨ ਵਾਸਤੇ ਪੱਤਰ ਲਿਖਿਆ ਗਿਆ ਸੀ।

 ਪਰ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਾ ਹੋਣ ਕਰ ਕੇ ਅੱਜ ਦੁਬਾਰਾ ਪੁਲਿਸ ਕਮਿਸ਼ਨਰ ਰਾਹੀਂ ਮੰਗ ਪੱਤਰ ਦੀ ਕਾਪੀ ਦੇ ਕੇ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਵਾਸਤੇ ਯਾਦ ਪੱਤਰ ਦਿਤਾ ਹੈ। ਸਿਰਸਾ ਮੁਤਾਬਕ  ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੱਖ-ਵੱਖ ਗੁਰੂ ਸਾਹਿਬਾਨ ਅਤੇ ਭਗਤਾਂ ਵਲੋਂ ਉਚਾਰਨ ਕੀਤੀ ਬਾਣੀ ਨੂੰ ਇਕੱਠੀਆਂ ਕਰ ਕੇ ਉਸ ਦੀ ਸੰਪਾਦਨਾ ਕਰਦਿਆਂ ਸਮੁੱਚੀ ਬਾਣੀ ਨੂੰ ਇਕ ਪਵਿੱਤਰ ਗ੍ਰੰਥ ਦੇ ਰੂਪ ਵਿਚ ਤਿਆਰ ਕੀਤਾ ਗਿਆ ਸੀ, ਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਪਣਾ ਨਾਮ ਤਕ ਨਹੀਂ ਲਿਖਿਆ। ਸਾਰੇ ਗੁਰੂ ਸਾਹਿਬਾਨ ਦੀ ਗੁਰਬਾਣੀ ਨੂੰ ਨਾਨਕ ਪਦ ਨਾਲ ਸੰਬੋਧਨ ਕੀਤਾ ਗਿਆ ਹੈ।

ਬਾਣੀ ਪੜ੍ਹਨ ਅਤੇ ਸੁਨਣ ਵਾਲਿਆਂ ਦੀ ਜਾਣਕਾਰੀ ਹਿਤ ਮਹੱਲੇ ਦੀ ਵਰਤੋਂ ਕੀਤੀ ਗਈ ਹੈ ਭਾਵ ਜਿਸ ਗੁਰੂ ਵਲੋਂ ਬਾਣੀ ਉਚਾਰਨ ਕੀਤੀ ਗਈ ਹੈ ਉਸ ਬਾਰੇ ਮਹੱਲਾ ਪਹਿਲਾ, ਦੂਜਾ ਅਤੇ ਤੀਜਾ ਆਦਿ ਦੀ ਵਰਤੋਂ ਕੀਤੀ ਗਈ ਹੈ। ਕੇਵਲ ਭਗਤਾਂ ਦੀ ਬਾਣੀ ਜਿਸ ਭਗਤ ਨੇ ਉਚਾਰਨ ਕੀਤੀ ਹੈ ਉਸ ਭਗਤ ਦਾ ਵੇਰਵਾ ਜ਼ਰੂਰ ਦਿਤਾ ਗਿਆ ਹੈ ਪਰ ਪੰਜਵੇਂ ਪਾਤਸ਼ਾਹ ਨੇ ਵਿਸ਼ੇਸ਼ ਤੌਰ 'ਤੇ ਅਪਣੇ ਨਾਮ ਦੀ ਕੋਈ ਵੀ ਵਰਤੋਂ ਨਹੀਂ ਕੀਤੀ ਤਾਂ ਫਿਰ ਗੁਰਬਾਣੀ ਦੇ ਗੁਟਕਿਆਂ ਨੂੰ ਨਾਮਧਾਰੀ ਨਿਤਨੇਮ ਲਿਖ ਕੇ ਬੱਜਰ ਗ਼ਲਤੀ ਕੀਤੀ ਗਈ ਹੈ ਜਿਸ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ। 

ਇਨ੍ਹਾਂ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਚਲਾਈ ਹੋਈ ਪ੍ਰਥਾ ਅਨੁਸਾਰ ਅੱਜ ਤਕ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕਰ ਕੇ ਪੰਜ ਕਕਾਰ ਧਾਰਨ ਕੀਤੇ ਹੋਏ ਹਨ ਪਰ ਜਿਸ ਨੇ ਦੇਹਧਾਰੀ ਡੰਮੀ ਗੁਰੂ ਤੋਂ ਕੰਨ ਵਿਚ ਮੰਤਰ ਨਹੀਂ ਲਿਆ ਉਸ ਬਾਰੇ ਜੋ ਅਪਸ਼ਬਦ ਇਸ ਭੂਮਿਕਾ ਵਿਚ ਲਿਖੇ ਹਨ, ਉਹ ਲਿਖਣਯੋਗ ਨਹੀਂ ।ਉਕਤ ਵਲੋਂ ਇਕ ਸਾਜ਼ਸ਼ ਤਹਿਤ ਸਿੱਖ ਧਰਮ ਵਿਰੁਧ ਅਤੇ ਗੁਰਬਾਣੀ ਦੇ ਗੁਟਕਿਆ ਵਿਚ ਲਿਖੀ ਹੋਈ ਭੂਮਿਕਾ ਕਾਰਨ ਸਿੱਖ ਹਿਰਦਿਆ 'ਤੇ ਲੱਗੀ ਗਹਿਰੀ ਸੱਟ ਨੇ ਪੰਥਕ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ ਜਿਸ ਨੂੰ ਅੱਖਰਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਮੰਗ ਕੀਤੀ ਕਿ ਸਮੂਹ ਦੋਸ਼ੀਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰ ਕੇ ਪੰਥਕ ਹਿਰਦਿਆਂ ਨੂੰ ਰਾਹਤ ਦਿਤੀ ਜਾਵੇ। ਯਾਦ ਪੱਤਰ ਦੇਣ ਵਾਲਿਆਂ ਵਿਚ ਜੱਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਦਿਲਬਾਗ ਸਿੰਘ, ਅਜੀਤ ਸਿੰਘ, ਪ੍ਰੋਫ਼ੈਸਰ ਬਲਜਿੰਦਰ ਸਿੰਘ, ਨੌਜਵਾਨ ਸਿੱਖ ਸਭਾ ਹੁਸ਼ਿਆਰ ਦੇ ਪ੍ਰਧਾਨ ਨੌਬਲਜੀਤ ਸਿੰਘ, ਸਿੱਖ ਕਤਲੇਆਮ ਦਿੱਲੀ ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਬਟਾਲਾ, ਨੰਬਰਦਾਰ ਗੁਰਤੇਜ ਸਿੰਘ ਆਦਿ ਹਾਜ਼ਰ ਸਨ।