ਪਾਕਿਸਤਾਨ ਲਾਂਘੇ 'ਤੇ ਕੀਤੇ ਅਪਣੇ ਕਰਾਰ ਤੋਂ ਪਿੱਛੇ ਨਾ ਹਟੇ : ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਰਤਾਰਪੁਰ ਲਾਂਘੇ ਦੇ ਕੰਮ 'ਚ ਢਿੱਲ ਦੀਆਂ ਆ ਰਹੀਆਂ ਰਿਪੋਰਟਾਂ ਦਾ ਮਾਮਲਾ

Kartarpur Corridor

ਚੰਡੀਗੜ੍ਹ : ਕਰਤਾਰਪੁਰ ਲਾਂਘੇ ਦੇ ਕੰਮ ਵਿਚ ਢਿੱਲ ਦੀਆਂ ਆ ਰਹੀਆਂ ਰਿਪੋਰਟਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਪ੍ਰਗਟਾਈ ਹੈ। ਮੁੱਖ ਮੰਤਰੀ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਲਾਂਘੇ 'ਤੇ ਕੀਤੇ ਅਪਣੇ ਕਰਾਰ ਤੋਂ ਪਿੱਛੇ ਨਾ ਹਟੇ ਕਿਉਂਕਿ ਇਸ ਨਾਲ ਸਿੱਖ ਧਰਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਸਿੱਖ ਸੰਗਤ ਵਲੋਂ ਲੰਮੇ ਸਮੇਂ ਤੋਂ ਗੁਰੂ ਸਾਹਿਬ ਦੇ ਸਥਾਨ ਦੀ ਖੁਲ੍ਹੇ ਦਰਸ਼ਨ ਦੀਦਾਰ ਲਈ ਅਰਦਾਸ ਕੀਤੀ ਜਾ ਰਹੀ ਹੈ। ਇਸ ਦੇ ਨਾਲ ਕੈਪਟਨ ਨੇ ਪਾਕਿਸਤਾਨ ਨੂੰ ਅਟਾਰੀ-ਵਾਹਗਾ ਸਰਹੱਦ 'ਤੇ ਦੋਵਾਂ ਦੇਸ਼ਾਂ ਦੇ ਹਿੱਤ ਵਿਚ ਹੁੰਦੇ ਵਪਾਰ ਨੂੰ ਮੁੜ ਸ਼ੁਰੂ ਕਰਵਾਉਣ ਦੀ ਵੀ ਮੰਗ ਕੀਤੀ ਹੈ।

ਇਥੇ ਦਸਣਯੋਗ ਹੈ ਕਿ ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ-ਪਾਕਿਸਤਾਨ ਰਿਸ਼ਤਿਆਂ ਵਿਚ ਤਲਖੀ ਆ ਗਈ ਹੈ। ਇਸ ਦਰਮਿਆਨ ਭਾਰਤ ਨੇ ਪਾਕਿਸਤਾਨ ਨੂੰ ਅਗੱਸਤ ਦੇ ਪਹਿਲੇ ਹਫ਼ਤੇ ਬੈਠਕ ਕਰਨ ਦਾ ਪ੍ਰਸਤਾਵ ਦਿਤਾ ਸੀ ਤਾਂ ਜੋ ਲਾਂਘੇ ਦੇ ਨਿਰਮਾਣ ਲਈ ਪ੍ਰਬੰਧ ਪੂਰੇ ਕੀਤੇ ਜਾ ਸਕਣ ਤੇ ਲਾਂਘੇ ਨੂੰ ਅੰਤਮ ਰੂਪ ਦਿਤਾ ਜਾ ਸਕੇ ਪਰ ਪਾਕਿਸਤਾਨ ਨੇ ਅਜੇ ਤਕ ਇਸ ਬਾਰੇ ਕੋਈ ਜਵਾਬ ਨਹੀਂ ਦਿਤਾ ਹੈ। 

ਭਾਰਤ ਜਲਦ ਤੋਂ ਜਲਦ ਪਾਕਿਸਤਾਨ ਨਾਲ ਲਾਂਘੇ ਦੇ ਤਕਨੀਕੀ ਪਹਿਲੂਆਂ ਬਾਰੇ ਗੱਲਬਾਤ ਕਰਨਾ ਚਾਹੁੰਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘੇ ਵਾਲੇ ਪ੍ਰਾਜੈਕਟ ਦੀ ਉਸਾਰੀ ਦੇ ਕੰਮ ਦੀ ਰਫ਼ਤਾਰ ਹੌਲੀ ਹੋ ਜਾਣ ਉਤੇ ਚਿੰਤਾ ਪ੍ਰਗਟਾਈ ਹੈ। ਇਸ ਹੌਲੀ ਰਫ਼ਤਾਰ ਬਾਰੇ ਮੀਡੀਆ 'ਚ ਆਈਆਂ ਕੁਝ ਰਿਪੋਰਟਾਂ ਉਤੇ ਅਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਕਿਤੇ ਅਪਣੀ ਪ੍ਰਤੀਬੱਧਤਾ ਤੋਂ ਪਿਛਾਂਹ ਨਾ ਹਟ ਜਾਵੇ। ਜੇ ਕਿਤੇ ਅਜਿਹਾ ਹੋ ਗਿਆ, ਤਾਂ ਇਸ ਨਾਲ ਸਿੱਖ ਭਾਵਨਾਵਾਂ ਨੂੰ ਵੱਡੀ ਠੇਸ ਪੁੱਜੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਦੁਵੱਲੇ ਹਿਤਾਂ ਵਿਚ ਅਟਾਰੀ-ਵਾਹਗਾ ਬਾਰਡਰ ਉਤੇ ਵਪਾਰ ਵੀ ਮੁੜ ਸ਼ੁਰੂ ਕਰਨ ਦਾ ਸੱਦਾ ਪਾਕਿਸਤਾਨ ਸਰਕਾਰ ਨੂੰ ਦਿਤਾ ਹੈ।
ਦਰਅਸਲ, ਭਾਰਤ ਸਰਕਾਰ ਨੇ ਬੀਤੀ 5 ਅਗੱਸਤ ਨੂੰ ਜਦ ਤੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕੀਤੀ ਹੈ, ਤਦ ਤੋਂ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧਾਂ ਵਿੱਚ ਕੜਵਾਹਟ ਕੁਝ ਵਧ ਗਈ ਹੈ। ਦਰਅਸਲ, ਦੇਸ਼ ਦੀ ਵੰਡ ਭਾਵ 1947 ਵੇਲੇ ਤੋਂ ਹੀ ਪਾਕਿਸਤਾਨ ਦੀ ਬਹੁਤੀ ਸਿਆਸਤ ਕਸ਼ਮੀਰ ਦੁਆਲੇ ਹੀ ਘੁੰਮਦੀ ਰਹੀ ਹੈ। ਪਾਕਿਸਤਾਨ ਖ਼ੁਦ ਨੂੰ ਕਸ਼ਮੀਰ ਦਾ ਸਭ ਤੋਂ ਵੱਡਾ ਸ਼ੁਭ-ਚਿੰਤਕ ਮੰਨਦਾ ਹੈ।

ਇਸੇ ਲਈ ਹੁਣ ਸਭ, ਖ਼ਾਸ ਕਰਕੇ ਪੰਜਾਬੀਆਂ ਦੇ ਮਨਾਂ ਵਿਚ ਅਜਿਹੇ ਖ਼ਦਸ਼ੇ ਹਨ ਕਿ ਪਾਕਿਸਤਾਨ ਕਿਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਨਾ ਰੋਕ ਦੇਵੇ। ਉਂਝ ਪਾਕਿਸਤਾਨ ਸਰਕਾਰ ਪਹਿਲਾਂ ਅੰਮ੍ਰਿਤਸਰ ਲਾਹੌਰ 'ਦੋਸਤੀ' ਬੱਸ, ਲਾਹੌਰ-ਦਿੱਲੀ ਸਮਝੌਤਾ ਐਕਸਪ੍ਰੈੱਸ ਅਤੇ ਜੋਧਪੁਰ-ਕਰਾਚੀ ਥਾਰ ਐਕਸਪ੍ਰੈੱਸ ਰੇਲ-ਗੱਡੀਆਂ ਬੰਦ ਕਰਦੇ ਸਮੇਂ ਸਪੱਸ਼ਟ ਕਰ ਦਿਤਾ ਸੀ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜਾਰੀ ਰਹੇਗਾ।