ਭਾਰਤ-ਪਾਕਿ ਤਣਾਅ ਦੇ ਬਾਵਜੂਦ ਕਰਤਾਰਪੁਰ ਲਾਂਘੇ ਦਾ ਕੰਮ ਨਹੀਂ ਰੁਕੇਗਾ : ਪਾਕਿ ਵਿਦੇਸ਼ ਮੰਤਰਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜ਼ੀਰੋ ਲਾਈਨ ਤੋਂ ਗੁਰਦੁਆਰਾ ਸਾਹਿਬ ਤਕ ਦਾ ਲਗਭਗ 90 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ।

Work on Kartarpur corridor will continue : Pakistan Foreign Ministry

ਨਵੀਂ ਦਿੱਲੀ : ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਵੱਲੋਂ ਕਿਹਾ ਗਿਆ ਹੈ ਕਿ ਕਰਤਾਰਪੁਰ ਲਾਂਘੇ ਦਾ ਕੰਮ ਪੁਰਾਣੀ ਸਪੀਡ ਨਾਲ ਚੱਲਦਾ ਰਹੇਗਾ। ਲਾਂਘੇ ਦੇ ਕੰਮ 'ਤੇ ਭਾਰਤ ਨਾਲ ਰਿਸ਼ਤਿਆਂ ਵਿਚ ਆਏ ਤਣਾਅ ਦਾ ਅਸਰ ਨਹੀਂ ਪਵੇਗਾ। ਭਾਰਤ ਵੱਲੋਂ ਜੰਮੂ-ਕਸ਼ਮੀਰ ਦਾ ਪੂਰਨ ਸੂਬੇ ਦਾ ਦਰਜਾ ਖ਼ਤਮ ਕੀਤੇ ਜਾਣ ਅਤੇ ਇਸ ਦੇ ਵਿਰੋਧ 'ਚ ਪਾਕਿ ਵੱਲੋਂ ਭਾਰਤੀ ਹਾਈ ਕਮਿਸ਼ਨਰ ਨੂੰ ਵਾਪਸ ਭੇਜੇ ਜਾਣ ਤੇ ਕਾਰੋਬਾਰੀ ਰਿਸ਼ਤੇ ਖ਼ਤਮ ਕੀਤੇ ਜਾਣ ਮਗਰੋਂ ਪਾਕਿ ਵਿਦੇਸ਼ ਮੰਤਰਾਲਾ ਦਾ ਇਹ ਬਿਆਨ ਆਇਆ ਹੈ।

ਪਾਕਿਸਤਾਨ ਵੱਲੋਂ ਭਾਰਤ ਨਾਲ ਕੂਟਨੀਤਕ ਸਬੰਧਾਂ ਬਾਰੇ ਕੀਤੇ ਫ਼ੈਸਲਿਆਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਧਵਾਰ ਨੂੰ ਕਰਤਾਰਪੁਰ ਲਾਂਘੇ ਦੇ ਕੰਮ ਲਈ ਚਿੰਤਾ ਪ੍ਰਗਟਾਈ ਸੀ। ਕੈਪਟਨ ਨੇ ਕਿਹਾ ਸੀ ਕਿ ਉਹ ਉਮੀਦ ਕਰਦੇ ਹਨ ਕਿ ਇਸ ਘਟਨਾ ਦਾ ਪ੍ਰਭਾਵ ਕਰਤਾਰਪੁਰ ਲਾਂਘੇ 'ਤੇ ਨਹੀਂ ਪਵੇਗਾ ਅਤੇ ਪਾਕਿਸਤਾਨ ਇਸ ਕੰਮ ਨੂੰ ਰੋਕ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਨਹੀਂ ਪਹੁੰਚਾਏਗਾ। ਹੁਣ ਪਾਕਿ ਵਿਦੇਸ਼ ਮੰਤਰਾਲਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਰਤਾਰਪੁਰ ਲਾਂਘੇ ਦਾ ਕੰਮ ਜਿਵੇਂ ਚੱਲ ਰਿਹਾ ਸੀ, ਉਂਜ ਹੀ ਚੱਲਦਾ ਰਹੇਗਾ।

ਜ਼ਿਕਰਯੋਗ ਹੈ ਕਿ ਪਾਕਿਸਤਾਨੀ ਮੀਡੀਆ ਨੇ ਬੀਤੇ ਹਫ਼ਤੇ ਜਾਣਕਾਰੀ ਦਿੱਤੀ ਸੀ ਕਿ ਕਰਤਾਰਪੁਰ ਲਾਂਘੇ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਜ਼ੀਰੋ ਲਾਈਨ ਤੋਂ ਗੁਰਦੁਆਰਾ ਸਾਹਿਬ ਤਕ ਦਾ ਲਗਭਗ 90 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਸ ਸਾਲ ਨਵੰਬਰ 'ਚ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਮੌਕੇ ਇਸ ਦਾ ਉਦਘਾਟਨ ਕੀਤੇ ਜਾਣ ਦੀ ਯੋਜਨਾ ਹੈ। ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਥਿਰ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ 'ਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ। ਇਸ ਨਾਲ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਮੁਕਤ ਆਉਣ-ਜਾਣ ਦੀ ਸਹੂਲਤ ਮਿਲੇਗੀ। ਇਨ੍ਹਾਂ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਸਿਰਫ਼ ਇਕ ਪਰਮਿਟ ਲੈਣਾ ਹੋਵੇਗਾ।