ਕਰਤਾਰਪੁਰ ਲਾਂਘੇ ਦਾ ਕੰਮ ਜਾਰੀ ਰਹੇਗਾ : ਬਿਸ਼ਨ ਸਿੰਘ, ਅਮੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੇਸ਼ਕ ਭਾਰਤ-ਪਾਕਿ ਵਿਚਾਲੇ ਸਬੰਧ ਤਣਾਅਪੂਰਨ ਹਨ ਪ੍ਰੰਤੂ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾਵੇਗਾ 

Bishan Singh & Amir Singh

ਅੰਮ੍ਰਿਤਸਰ : ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਅਤੇ ਮੌਜੂਦਾ ਜਰਨਲ ਸਕੱਤਰ ਸ. ਅਮੀਰ ਸਿੰਘ ਨੇ ਕਿਹਾ ਹੈ ਕਿ ਬੇਸ਼ਕ ਭਾਰਤ ਤੇ ਪਾਕਿਸਤਾਨ ਵਿਚਲੇ ਸਬੰਧ ਤਣਾਅਪੂਰਨ ਹਨ ਪਰ ਇਸ ਦੇ ਬਾਵਜੂਦ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਹਾੜਾ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ। 

ਦੋਵਾਂ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ  ਇਮਰਾਨ ਖ਼ਾਨ ਨੇ ਫ਼ੈਸਲਾ ਲਿਆ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜਾਰੀ ਰਹੇਗਾ। ਉਨ੍ਹਾਂ ਦਸਿਆ ਕਿ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਵਿਕਾਸ ਦੇ ਕਾਰਜ ਜਾਰੀ ਹਨ ਤੇ ਇਹ ਕਾਰਜ ਤੇਜ਼ੀ ਨਾਲ ਚਲ ਰਹੇ ਹਨ। ਨਨਕਾਣਾ ਸਾਹਿਬ ਸ਼ਹਿਰ ਤੇ ਆਸ-ਪਾਸ ਵੀ ਕੰਮ ਜਾਰੀ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ, ਔਕਾਫ਼ ਬੋਰਡ ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਹੁਤ ਸਮਾਂ ਪਹਿਲਾਂ ਹੀ ਫ਼ੈਸਲਾ ਲਿਆ ਸੀ ਕਿ ਇਹ ਪੁਰਬ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾਵੇ, ਪਰ ਹੁਣ ਕਿਉਂਕਿ ਦੋਵਾਂ ਦੇਸ਼ਾਂ ਦਾ ਮਾਹੌਲ ਖ਼ਰਾਬ ਹੈ ਇਸ ਲਈ ਸਾਡੀ ਕੋਸ਼ਿਸ਼ ਇਹ ਹੈ ਕਿ ਦਿਹਾੜਾ ਅਜਿਹੇ ਢੰਗ ਨਾਲ ਮਨਾਇਆ ਜਾਵੇ ਕਿ ਪੂਰੀ ਦੁਨੀਆਂ ਲਈ ਇਹ ਦਿਨ ਯਾਦਗਾਰੀ ਬਣ ਜਾਵੇ।

ਸ. ਅਮੀਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਕਮੇਟੀ, ਔਕਾਫ਼ ਬੋਰਡ ਦਾ ਫ਼ੈਸਲਾ ਹੋਇਆ ਸੀ ਕਿ ਅਸੀਂ ਭਾਰਤ ਦੇ ਸਿੱਖਾਂ ਨੂੰ ਦਸ ਹਜ਼ਾਰ ਵੀਜ਼ੇ ਜਾਰੀ ਕਰਾਂਗੇ ਤੇ ਉਸ 'ਤੇ ਅੱਜ ਵੀ ਕਾਇਮ ਹਾਂ। ਇਸ ਦਿਨ ਨੂੰ ਮਨਾਉਣ ਲਈ ਅਸੀਂ ਪੂਰੀ ਦੁਨੀਆਂ ਵਿਚੋਂ 1 ਲੱਖ ਸਿੱਖਾਂ ਨੂੰ ਬੁਲਾ ਰਹੇ ਹਾਂ ਤੇ ਅਸੀਂ ਪੂਰਾ ਯਤਨ ਕਰ ਰਹੇ ਹਾਂ।