ਸ਼੍ਰੋਮਣੀ ਕਮੇਟੀ ਨੇ ਵਖਰੀ ਸਟੇਜ ਲਗਾਉਣ ਦਾ ਐਲਾਨ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਡਾਲ, ਸਟੇਜ ਅਤੇ ਸਜਾਵਟ ਆਦਿ ਦੀ ਤਿਆਰੀ ਲਈ 8 ਕਰੋੜ ਰੁਪਏ ਦਾ ਠੇਕਾ ਕੰਪਨੀ ਨੂੰ ਦਿਤਾ

The Shiromani Committee announced the setting up of a separate stage

ਤਾਲਮੇਲ ਕਮੇਟੀ ਦੀਆਂ ਕਈ ਮੀਟਿੰਗਾਂ ਹੋਈਆਂ ਸਰਕਾਰ ਨੇ ਕੋਈ ਫ਼ੈਸਲਾ ਨਹੀਂ ਦਿਤਾ : ਗੋਬਿੰਦ ਸਿੰਘ ਲੌਂਗੋਵਾਲ
ਅਕਾਲ ਤਖ਼ਤ ਦੇ ਜਥੇਦਾਰ ਨੇ ਤਿਆਰੀਆਂ ਲਈ ਤਾਲਮੇਲ ਕਮੇਟੀ ਬਣਾਈ ਸੀ, ਸਰਕਾਰ ਨੇ ਕੋਈ ਰਾਹ ਨਹੀਂ ਦਿਤਾ

ਚੰਡੀਗੜ੍ਹ  (ਐਸ.ਐਸ. ਬਰਾੜ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵਖਰੀ ਸਟੇਜ ਲਗਾਉਣ ਦਾ ਅੱਜ ਬਕਾਇਦਾ ਐਲਾਨ ਕਰ ਦਿਤਾ ਹੈ। ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਲਈ ਤਾਲਮੇਲ ਕਮੇਟੀ ਵਿਚ ਤਾਲਮੇਲ ਨਹੀਂ ਬਣ ਸਕਿਆ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸੁਲਤਾਨਪੁਰ ਵਿਖੇ ਸਟੇਜ, ਪੰਡਾਲ, ਸਜਾਵਟ ਅਤੇ ਲਾਈਟਾਂ ਆਦਿ ਦੀ ਮੁਕੰਮਲ ਤਿਆਰੀ ਲਈ ਟੈਂਡਰ ਦੇ ਕੇ 8 ਕਰੋੜ ਰੁਪਏ ਵਿਚ ਇਕ ਕੰਪਨੀ ਨੂੰ ਕੰਮ ਅਲਾਟ ਕਰ ਦਿਤਾ ਹੈ ਅਤੇ 6 ਨਵੰਬਰ ਤਕ ਇਸ ਕੰਪਨੀ ਨੇ ਮੁਕੰਮਲ ਤਿਆਰੀ ਕਰ ਕੇ ਦੇਣੀ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਇਸ ਮੁੱਦੇ ਸਬੰਧੀ ਫ਼ੋਨ 'ਤੇ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਤਾਲਮੇਲ ਕਮੇਟੀ ਦੀਆਂ ਕਈ ਮੀਟਿੰਗਾਂ ਹੋ ਚੁਕੀਆਂ ਹਨ। ਹਰ ਮੀਟਿੰਗ ਵਿਚ ਸਰਕਾਰੀ ਨੁਮਾਇੰਦੇ ਵਲੋਂ ਇਹੀ ਕਿਹਾ ਜਾਂਦਾ ਰਿਹਾ ਕਿ ਮੁੱਖ ਮੰਤਰੀ ਨਾਲ ਗੱਲਬਾਤ ਕਰ ਕੇ ਸੂਚਿਤ ਕਰ ਦਿਤਾ ਜਾਵੇਗਾ। ਪ੍ਰੰਤੂ ਅੱਜ ਤਕ ਕੋਈ ਜਵਾਬ ਨਹੀਂ ਮਿਲਿਆ। ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ ਅਤੇ ਇੰਨੇ ਸਮੇਂ ਵਿਚ ਪੰਡਾਲ ਅਤੇ ਸਟੇਜ ਤੋਂ ਇਲਾਵਾ ਹੋਰ ਤਿਆਰੀਆਂ ਮੁਸ਼ਕਲ ਨਾਲ ਹੋ ਸਕਣਗੀਆਂ। ਇਸ ਲਈ ਉਨ੍ਹਾਂ ਨੂੰ ਇਹ ਫ਼ੈਸਲਾ ਲੈਣਾ ਪਿਆ।

ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਰਲ ਮਿਲ ਕੇ ਪ੍ਰਕਾਸ਼ ਪੁਰਬ ਮਨਾਉਣ ਲਈ ਇਕ ਤਾਲਮੇਲ ਕਮੇਟੀ ਬਣਾਈ ਸੀ। ਕੀ ਇਹ ਉਨ੍ਹਾਂ ਦੇ ਆਦੇਸ਼ਾਂ ਦੀ ਉਲੰਘਣਾ ਨਹੀਂ? ਉਨ੍ਹਾਂ ਕਿਹਾ ਕਿ ਤਾਲਮੇਲ ਕਮੇਟੀ ਸਮਾਗਮਾਂ ਸਬੰਧੀ ਤਿਆਰੀ ਲਈ ਬਣੀ ਸੀ। ਬਹੁਤੇ ਕੰਮ ਸਰਕਾਰ ਨੇ ਕਰਨੇ ਹੁੰਦੇ ਹਨ। ਸੜਕਾਂ ਦੀ ਮੁਰੰਮਤ, ਲਾਈਟਾਂ ਲਗਾਉਣੀਆਂ, ਸੰਗਤ ਦੇ ਰਹਿਣ, ਪੀਣ ਲਈ ਪਾਣੀ ਅਤੇ ਟ੍ਰੈਫ਼ਿਕ ਆਦਿ ਦੀਆਂ ਤਿਆਰੀਆਂ ਸਰਕਾਰ ਨੇ ਕਰਨੀਆਂ ਹੁੰਦੀਆਂ ਹਨ।

ਇਸੇ ਲਈ ਤਾਲਮੇਲ ਕਮੇਟੀ ਬਣੀ ਸੀ। ਕਮੇਟੀ ਦੀਆਂ ਕਈ ਮੀਟਿੰਗਾਂ ਹੋਈਆਂ ਪ੍ਰੰਤੂ ਸਰਕਾਰ ਨੇ ਅਪਣਾ ਫ਼ੈਸਲਾ ਨਹੀਂ ਦਿਤਾ। ਉਨ੍ਹਾਂ ਸਪਸ਼ਟ ਕੀਤਾ ਕਿ ਸ਼ਤਾਬਦੀਆਂ ਹਮੇਸ਼ਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮਨਾਉਂਦੀ ਆਈ ਹੈ। ਇਹ ਕੰਮ ਸਰਕਾਰ ਦਾ ਨਹੀਂ। ਸ. ਲੌਂਗੋਵਾਲ ਨੇ ਕਿਹਾ ਕਿ ਅਸੀ ਪਹਿਲਾਂ ਵੀ ਸਪਸ਼ਟ ਕਰ ਚੁਕੇ ਹਾਂ ਕਿ ਨਿਰੋਲ ਧਾਰਮਕ ਸਮਾਗਮ ਹੋਵੇਗਾ ਅਤੇ ਸਟੇਜ ਉਪਰ ਕੋਈ ਕੁਰਸੀ ਨਹੀਂ ਲੱਗੇਗੀ। ਸਾਰੀਆਂ ਅਹਿਮ ਅਤੇ ਧਾਰਮਕ ਹਸਤੀਆਂ, ਸੰਗਤ ਵਿਚ ਹੀ ਬੈਠਣਗੀਆਂ।

ਤਾਲਮੇਲ ਕਮੇਟੀ ਦੀ ਮੈਂਬਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਟੇਜ ਲਗਾਉਣ ਲਈ ਸਰਕਾਰ ਤੋਂ ਪ੍ਰਵਾਨਗੀ ਨਹੀਂ ਲੈਣੀ ਹੁੰਦੀ। ਉਨ੍ਹਾਂ ਕਿਹਾ ਕਿ ਸਮਾਗਮਾਂ ਦੀਆਂ ਤਿਆਰੀਆਂ ਲਈ ਸਰਕਾਰ ਦਾ ਸਹਿਯੋਗ ਮੰਗਿਆ ਸੀ, ਪ੍ਰੰਤੂ ਉਨ੍ਹਾਂ ਇਸ ਬਾਰੇ ਅੱਜ ਤਕ ਕੁੱਝ ਨਹੀਂ ਦਸਿਆ। ਉਨ੍ਹਾਂ ਕਿਹਾ ਕਿ 9 ਤੋਂ 12 ਨਵੰਬਰ ਤਕ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਟੇਜ ਉਪਰ ਹੀ ਹੋਣਗੇ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਵੀ ਸੱਦਾ ਦਿਤਾ ਜਾ ਚੁਕਾ ਹੈ। ਇਹ ਧਾਰਮਕ ਸਟੇਜ ਹੈ ਅਤੇ ਸਾਰਿਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਹੈ।

ਬੇਅਦਬੀ ਕਾਂਡ ਤੋਂ ਬਾਦਲਾਂ ਨੂੰ ਬਚਾਉਣ ਲਈ ਕਮੇਟੀ ਵਖਰੀ ਸਟੇਜ ਲਗਾ ਰਹੀ ਹੈ : ਰੰਧਾਵਾ
ਚੰਡੀਗੜ੍ਹ (ਐਸ.ਐਸ. ਬਰਾੜ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਵਖਰੀ ਸਟੇਜ ਲਗਾਉਣ ਦੇ ਐਲਾਨ ਦੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਫ਼ੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਪਹਿਲਾਂ ਹੀ ਕਹਿ ਦਿਤਾ ਸੀ ਕਿ ਇਹ ਡਰਾਮਾ ਕਰਦੇ ਹਨ। ਇਨ੍ਹਾਂ ਨੂੰ ਹਦਾਇਤਾਂ ਤਾਂ ਬਾਦਲ ਪ੍ਰਵਾਰ ਤੋਂ ਮਿਲਦੀਆਂ ਹਨ।

ਸ.ਰੰਧਾਵਾ ਨੇ ਸਖ਼ਤ ਟਿਪਣੀਆਂ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੇ ਦਾਗ਼ ਧੋਣ ਲਈ ਬਾਦਲ ਪਰਵਾਰ ਨੂੰ ਮੋਹਰੇ ਲਿਆਂਦਾ ਜਾ ਰਿਹਾ ਹੈ। ਇਹ ਸੱਭ ਕੁੱਝ ਉਨ੍ਹਾਂ ਨੂੰ ਬਚਾਉਣ ਲਈ ਕੀਤਾ ਗਿਆ। ਸ. ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਾਲਮੇਲ ਕਮੇਟੀ ਦੀ ਪਹਿਲੀ ਮੀਟਿੰਗ ਵਿਚ ਕਹਿ ਦਿਤਾ ਸੀ ਕਿ ਜੇਕਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਚਮੁੱਚ ਸੰਜੀਦਾ ਹੈ ਤਾ ਪ੍ਰਕਾਸ਼ ਪੁਰਬ ਦੇ ਸਾਰੇ ਪ੍ਰੋਗਰਾਮ ਅਕਾਲ ਤਖ਼ਤ ਦੀ ਰਹਿਨੁਮਾਈ ਵਿਚ ਕੀਤੇ ਜਾਣ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਮਨਸ਼ੇ ਤਾਂ ਕੁੱਝ ਹੋਰ ਸਨ। ਇਸੇ ਲਈ ਤਾਲਮੇਲ ਕਮੇਟੀ ਦੀਆਂ ਮੀਟਿੰਗਾਂ ਕਰ ਕੇ ਡਰਾਮੇ ਕਰਦੇ ਰਹੇ। ਜਦ ਸ. ਰੰਧਾਵਾ ਨੂੰ ਪੁਛਿਆ ਗਿਆ ਕਿ ਕੀ ਹੁਣ ਤਾਲਮੇਲ ਕਮੇਟੀ ਦਾ ਕੋਈ ਰੋਲ ਹੋਵੇਗਾ? ਉਨ੍ਹਾਂ ਕਿਹਾ ਕਿ ਤਾਲਮੇਲ ਤਾਂ ਬਾਦਲਾਂ ਦੇ ਕਹਿਣ 'ਤੇ ਤੋੜ ਦਿਤਾ ਗਿਆ ਸੀ। ਅਸਲ ਵਿਚ ਇਨ੍ਹਾਂ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਸਟੇਜ 'ਤੇ ਬਿਠਾਣਾ ਹੈ। ਸ. ਰੰਧਾਵਾ ਨੇ ਕਿਹਾ ਕਿ ਤਾਲਮੇਲ ਕਮੇਟੀ ਦੀਆਂ ਮੀਟਿੰਗਾਂ ਤੋਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਤਾਂ ਬਿਆਨਬਾਜ਼ੀ ਕਰਦੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ ਦੇ ਮਾਮਲਿਆਂ ਵਿਚ ਦਖ਼ਲ ਦੇਣ ਵਾਲਾ ਸੁਖਬੀਰ ਬਾਦਲ ਕੌਣ ਹੁੰਦਾ ਹੈ। ਤਾਲਮੇਲ ਤਾਂ ਬਾਦਲਾਂ ਨੇ ਖ਼ਤਮ ਕਰ ਦਿਤਾ, ਸਰਕਾਰ ਨੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੰਗਤ ਦੇ ਚੜ੍ਹਾਵੇ ਦਾ ਪੈਸਾ ਬਰਬਾਦ ਕਰ ਕੇ ਸਟੇਜਾਂ ਲਗਾਈਆਂ ਜਾ ਰਹੀਆਂ ਹਨ। ਸਰਕਾਰ ਜਨਤਾ ਦੀ ਚੁਣੀ ਹੋਈ ਹੈ। ਖ਼ਜ਼ਾਨੇ ਦਾ ਪੈਸਾ ਸਾਰੀ ਜਨਤਾ ਦਾ ਹੈ, ਉਸ ਨਾਲ ਸਰਕਾਰ ਪ੍ਰਬੰਧ ਕਰ ਰਹੀ ਸੀ ਪ੍ਰੰਤੂ ਬਾਦਲ ਪਰਵਾਰ ਨੇ ਅਪਣੀ ਚੌਧਰ ਲਈ ਸੰਗਤ ਦੇ ਪੈਸੇ ਨਾਲ ਵਖਰੀ ਸਟੇਜ ਲਗਾਉਣ ਦਾ ਕਾਰਾ ਕੀਤਾ ਹੈ।