ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਦੇ ਪੰਜਾਬ ਵਿਧਾਨ ਸਭਾ ਵਿਚਲੇ ਮਤੇ ਦਾ ਪਿਛੋਕੜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹੁਣੇ ਜਿਹੇ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਸੈਸ਼ਨ ਦੋ ਕਾਰਨਾਂ ਕਰ ਕੇ ਹਮੇਸ਼ਾ ਚੇਤੇ ਰਖਿਆ ਜਾਵੇਗਾ।

Woman Kirtan

ਹੁਣੇ ਜਿਹੇ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਸੈਸ਼ਨ ਦੋ ਕਾਰਨਾਂ ਕਰ ਕੇ ਹਮੇਸ਼ਾ ਚੇਤੇ ਰਖਿਆ ਜਾਵੇਗਾ। ਇਕ ਤਾਂ ਇਹ ਬਾਬੇ ਨਾਨਕ ਨੂੰ ਸਮਰਪਿਤ ਸੀ। ਦੂਜਾ ਇਸ ਵਿਚ ਬੀਬੀਆਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਕਰਨ ਦੀ ਇਜਾਜ਼ਤ ਦੇਣ ਸਬੰਧੀ ਇਸ ਵਲੋਂ ਪਾਸ ਕੀਤਾ ਗਿਆ ਮਤਾ ਸੀ। ਇਸ ਮਤੇ ਦਾ ਇਕ ਅਹਿਮ ਪਿਛੋਕੜ ਹੈ। ਹੁਣੇ ਜਿਹੇ ਪੰਜਾਬ ਪੁਲਿਸ ਦੇ ਇਕ ਸਾਬਕਾ ਆਈ.ਜੀ. ਸੁਖਦਿਆਲ ਸਿੰਘ ਭੁੱਲਰ ਨੇ ਇਕ ਕਿਤਾਬ ਲਿਖੀ ਹੈ 'ਵੈਸਾਖੀ ਪਾਰ ਦੀ'। ਇਹ ਕਿਤਾਬ ਰਿਲੀਜ਼ ਕਰ ਦਿਤੀ ਗਈ ਹੈ

ਅਤੇ ਇਸ ਵਿਚ ਨਨਕਾਣਾ ਸਾਹਿਬ ਵਿਖੇ ਬੀਬੀਆਂ ਨੂੰ ਕੀਰਤਨ ਕਰਦੇ ਵਿਖਾਇਆ ਗਿਆ ਹੈ। ਸ. ਭੁੱਲਰ ਨੇ ਇਹ ਕਿਤਾਬ ਮੁੱਖ ਮੰਤਰੀ ਦੇ ਸੁਰੱਖਿਆ ਅਧਿਕਾਰੀ ਅਪਣੇ ਇਕ ਦੋਸਤ ਨੂੰ ਭੇਜੀ ਕਿ ਦਰਬਾਰ ਸਾਹਿਬ ਵਿਖੇ ਬੀਬੀਆਂ ਨੂੰ ਕੀਰਤਨ ਦੀ ਆਗਿਆ ਕਿਉਂ ਨਹੀਂ? ਭੁੱਲਰ ਜੀ ਦੇ ਸ਼ਬਦਾਂ ਮੁਤਾਬਕ ਉਸ ਅਧਿਕਾਰੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਇਸ ਸਬੰਧੀ ਗੱਲ ਕਰਨਗੇ।

ਸਿੱਟਾ ਇਹ ਨਿਕਲਿਆ ਕਿ ਵਿਧਾਨ ਸਭਾ ਵਿਚ ਇਹ ਮਤਾ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਇਸ ਮਤੇ 'ਤੇ ਤਿਲਮਿਲਾਉਣਾ ਸ਼ੁਰੂ ਕਰ ਦਿਤਾ ਹੈ। ਵੇਖਣਾ ਫਿਰ ਵੀ ਹੋਵੇਗਾ ਕਿ ਚਿਰਾਂ ਤੋਂ ਬੀਬੀਆਂ ਨੂੰ ਕੀਰਤਨ ਕਰਨ ਲਈ ਨਾਂਹ ਨੁੱਕਰ ਕਰ ਰਹੀ ਕਮੇਟੀ ਦਾ ਰੁਖ਼ ਇਸ ਮਤੇ ਬਾਰੇ ਕੀ ਹੋਵੇਗਾ। ਲਗਦੈ ਕਮੇਟੀ ਬਹੁਤ ਕਸੂਤੀ ਸਥਿਤੀ ਵਿਚ ਫੱਸ ਗਈ ਹੈ।