ਚਾਰ ਕੌਲੇ ਮਾਂਜਣ ਅਤੇ ਜੋੜੇ ਸਾਫ਼ ਕਰਨ ਨਾਲ ਅਕਾਲੀਆਂ ਦੇ ਗੁਨਾਹ ਖ਼ਤਮ ਨਹੀਂ ਹੋਣ ਲੱਗੇ
ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖ਼ਾਲਸਾ ਨੇ ਅਕਾਲੀ ਦਲ ਦੇ ਮਾਫ਼ੀ ਪ੍ਰਕਰਣ 'ਤੇ ਟਿਪਣੀ ਕਰਦਿਆਂ....
ਅੰਮ੍ਰਿਤਸਰ/ਤਰਨਤਾਰਨ, 11 ਦਸੰਬਰ (ਚਰਨਜੀਤ ਸਿੰਘ) : ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖ਼ਾਲਸਾ ਨੇ ਅਕਾਲੀ ਦਲ ਦੇ ਮਾਫ਼ੀ ਪ੍ਰਕਰਣ 'ਤੇ ਟਿਪਣੀ ਕਰਦਿਆਂ ਇਸ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਹੈ ਕਿ ਸਿੱਖਾਂ ਦਾ ਜਿੰਨਾ ਨੁਕਸਾਨ 10 ਸਾਲ ਦੇ ਅਕਾਲੀ ਰਾਜ ਵਿਚ ਹੋਇਆ ਉਨਾ ਤਾਂ ਮੁਗ਼ਲ ਕਾਲ ਅਤੇ ਵਿਰੋਧੀਆਂ ਦੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਵੀ ਨਹੀਂ ਹੋਇਆ। ਅੱਜ ਸਪੋਕਸਮੈਨ ਟੀਵੀ ਨਾਲ ਗੱਲ ਕਰਦਿਆਂ ਬਾਬਾ ਰਾਮ ਸਿੰਘ ਨੇ ਕਿਹਾ ਕਿ ਦਸ ਸਾਲ ਦੇ ਅਖੌਤੀ ਅਕਾਲੀ ਰਾਜ ਵਿਚ 100 ਤੋਂ ਵੱਧ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ।
ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਜੇਲਾਂ ਵਿਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦੀ ਗੱਲ ਕਰਨੀ ਤਾਂ ਦੂਰ ਉਸ ਬਾਰੇ ਗੱਲ ਕਰਨ ਵਾਲਿਆਂ ਨੂੰ ਵੀ ਨਫ਼ਰਤ ਭਰੀਆਂ ਨਿਗਾਹਾਂ ਨਾਲ ਦੇਖਿਆ ਜਾਂਦਾ ਸੀ। ਅਕਾਲੀ ਰਾਜ ਵਿਚ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲੱਗੀ। ਪੰਥਕ ਜਥੇਬੰਦੀਆਂ ਦਾ ਨੁਕਸਾਨ ਵੀ ਅਕਾਲੀ ਰਾਜ ਵਿਚ ਹੀ ਹੋਇਆ। ਉਨ੍ਹਾਂ ਕਿਹਾ ਕਿ 4 ਕੌਲੇ ਸਾਫ਼ ਕਰ ਲੈਣ ਨਾਲ ਜਾਂ 4 ਜੋੜੇ ਸਾਫ਼ ਕਰਨ ਨਾਲ ਅਕਾਲੀਆਂ ਦੇ ਗੁਨਾਹ ਖ਼ਤਮ ਨਹੀਂ ਹੋਣ ਲੱਗੇ।
ਬਰਗਾੜੀ ਸਮਝੌਤੇ 'ਤੇ ਟਿਪਣੀ ਕਰਦਿਆਂ ਬਾਬਾ ਰਾਮ ਸਿੰਘ ਨੇ ਕਿਹਾ,''ਮੈਂ ਸਮਝਦਾ ਹਾਂ ਕਿ ਬਰਗਾੜੀ ਵਿਚ ਠੀਕ ਉਸੇ ਤਰ੍ਹਾਂ ਨਾਲ ਧੋਖਾ ਹੋਇਆ ਹੈ ਜਿਵੇਂ ਅਤੀਤ ਵਿਚ ਭਾਈ ਗੁਰਬਖ਼ਸ਼ ਸਿੰਘ ਤੇ ਬਾਪੂ ਸੂਰਤ ਸਿੰਘ ਖ਼ਾਲਸਾ ਨਾਲ ਹੋਇਆ ਸੀ।'' ਉਨ੍ਹਾਂ ਕਿਹਾ ਕਿ ਜਿਸ ਭਾਵਨਾ ਨਾਲ ਬਰਗਾੜੀ ਵਿਚ ਮੋਰਚਾ ਲਗਾਇਆ ਸੀ ਉਹ ਭਾਵਨਾ ਪੂਰੀ ਨਹੀਂ ਹੋਈ। ਪਹਿਲਾਂ ਵੀ ਪੰਥ ਨੇ ਧੋਖਾ ਖਾਦਾ ਤੇ ਹੁਣ ਵੀ ਪੰਥ ਨਾਲ ਧੋਖਾ ਹੀ ਹੋ ਰਿਹਾ ਹੈ। ਪੰਥ ਵਿਰੋਧੀ ਤਾਕਤਾਂ ਸਾਡੇ ਵਰਗੇ ਵਿਅਕਤੀਆਂ ਨੂੰ ਅੱਗੇ ਲਗਾ ਕੇ ਧੋਖਾ ਕਰ ਰਹੀਆਂ ਹਨ।
ਟਕਸਾਲੀ ਅਕਾਲੀਆਂ ਵਲੋਂ ਨਵੇਂ ਅਕਾਲੀ ਦਲ ਦੇ ਗਠਨ ਬਾਰੇ ਬੋਲਦਿਆਂ ਬਾਬਾ ਰਾਮ ਸਿੰਘ ਨੇ ਕਿਹਾ ਕਿ ਬਾਦਲ ਦਲ ਦਾ ਸਾਥ ਛੱਡ ਕੇ ਵੱਖ ਹੋਣ ਵਾਲਿਆਂ ਦੀ ਜ਼ਮੀਰ ਜਾਗੀ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਬਾਦਲ ਦਲ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨ ਵਿਚ ਅਸਫ਼ਲ ਰਿਹਾ ਸੀ ਜਿਸ ਕਾਰਨ ਨਵਾਂ ਅਕਾਲੀ ਦਲ ਬਣਾਉਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪਾਰਟੀ ਇਕ ਪਰਵਾਰਕ ਜਥੇਬੰਦੀ ਬਣ ਚੁਕੀ ਹੈ। ਉਨ੍ਹਾਂ ਅਕਾਲੀ ਦਲ ਵਿਚ ਬੈਠੇ ਪੰਥ ਦਰਦੀਆਂ ਨੂੰ ਕਿਹਾ ਕਿ ਉਹ ਵੀ ਜ਼ਮੀਰ ਦੀ ਆਵਾਜ਼ ਸੁਣ ਕੇ ਬਾਦਲ ਦਲ ਨੂੰ ਅਲਵਿਦਾ ਕਹਿਣ।