ਭਾਰਤ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਲ ਖ਼ਾਲਸਾ ਬਠਿੰਡਾ 'ਚ ਕਰੇਗਾ ਰੋਸ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੇਸ 'ਚ ਦਿਨੋਂ-ਦਿਨ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਦੀਆਂ ਵਧ ਰਹੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਦਲ ਖ਼ਾਲਸਾ ਨੇ ਰੋਸ ਵਜੋਂ ਆਗਾਮੀ 10 ਦਸੰਬਰ ਨੂੰ ਬਠਿੰਡਾ....

Human rights violation in India will be held in Dal Khalsa Rosh March in Bathinda

ਬਠਿੰਡਾ : ਦੇਸ 'ਚ ਦਿਨੋਂ-ਦਿਨ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਦੀਆਂ ਵਧ ਰਹੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਦਲ ਖ਼ਾਲਸਾ ਨੇ ਰੋਸ ਵਜੋਂ ਆਗਾਮੀ 10 ਦਸੰਬਰ ਨੂੰ ਬਠਿੰਡਾ 'ਚ ਰੋਸ ਮਾਰਚ ਕੱਢਣ ਦਾ ਫ਼ੈਸਲਾ ਲਿਆ ਹੈ। ਇਸ ਦਾ ਪ੍ਰਗਟਾਵਾ ਕਰਦਿਆਂ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ  ਨੇ ਦਾਅਵਾ ਕੀਤਾ ਕਿ ਹਾਲ 'ਚ ਹੀ ਅਮਨੈਸਟੀ ਇੰਟਰਨੈਸ਼ਨਲ ਵਲੋਂ ਜਾਰੀ ਰੀਪੋਰਟ ਵਿਚ “ਭਾਰਤ ਮਨੁੱਖੀ ਅਧਿਕਾਰਾਂ ਦੇ ਰਖਵਾਲਿਆਂ ਲਈ ਇਕ ਖ਼ਤਰਨਾਕ ਅਤੇ ਅਸੁਰੱਖਿਅਤ ਦੇਸ਼ ਕਰਾਰ ਦਿਤਾ ਹੈ।''

ਉਨ੍ਹਾਂ ਕਿਹਾ ਇਸ ਰੀਪੋਰਟ ਵਿਚ ਐਮਨੈਸਟੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿਚ ਸੱਭ ਤੋਂ ਵੱਧ ਖ਼ਤਰਾ ਪੱਤਰਕਾਰਾਂ, ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੇ ਕਾਰਕੁਨਾਂ ਅਤੇ ਉਨ੍ਹਾਂ ਲੋਕਾਂ ਨੂੰ ਹੈ ਜੋ ਘੱਟ-ਗਿਣਤੀ ਕੌਮਾਂ, ਦਲਿਤਾਂ ਅਤੇ ਆਦੀਵਾਸੀ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਹਨ। ਬੁਲਾਰੇ ਨੇ ਕਿਹਾ ਕਿ ਸਰਕਾਰੀ ਸ਼ਹਿ ਹੇਠ ਪੰਜਾਬ ਅਤੇ ਕਸ਼ਮੀਰ ਵਿਚ ਨਿਤ ਵਾਪਰਦੀਆਂ ਘਟਨਾਵਾਂ ਤੋਂ ਬਾਅਦ ਬੁਲੰਦ ਸ਼ਹਿਰ ਵਿਚ ਵਾਪਰੀ ਘਟਨਾ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਦੀ ਨਿਘਰਦੀ ਸਥਿਤੀ ਨੂੰ ਸਪਸ਼ਟ ਦਰਸਾਉਂਦੀ ਹੈ।

ਦਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਆਗਾਮੀ 10 ਦਸੰਬਰ ਨੂੰ ਅਪਣੇ ਮਨੁੱਖੀ ਅਧਿਕਾਰਾਂ ਦੇ ਐਲਾਨਨਾਮੇ ਦੀ 70ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ ਤੇ ਇਸੇ ਦਿਨ ਹੀ ਰੋਸ ਮਾਰਚ ਕੀਤਾ ਜਾਣਾ ਹੈ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੋਸ ਲਗਾਇਆ ਕਿ ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਭਾਰਤੀ ਮੁੱਖਧਾਰਾ ਤੋਂ ਅੱਡ ਵਿਚਾਰ ਰੱਖਣ ਵਾਲੇ ਲੋਕਾਂ ਖ਼ਾਸ ਕਰ ਕੇ ਪੰਜਾਬੀਆਂ ਅਤੇ ਕਸ਼ਮੀਰੀਆਂ ਤੋਂ ਉਨ੍ਹਾਂ ਦੇ ਬੁਨਿਆਦੀ ਸੰਵਿਧਾਨਕ ਤੇ ਮੌਲਿਕ ਅਧਿਕਾਰ ਖੋਹੇ ਜਾ ਰਹੇ ਹਨ ਅਤੇ ਸਿਤਮ ਦੀ ਗੱਲ ਹੈ

ਕਿ ਹੱਕ ਮੰਗਣ ਵਾਲਿਆਂ ਨੂੰ ਸਰਕਾਰ ਤੇ ਉਸ ਦੇ ਚਹੇਤੇ ਮੀਡੀਆ ਵਲੋਂ ਵੱਖਵਾਦੀ ਤੇ ਦਹਿਸ਼ਤਵਾਦੀ ਗਰਦਾਨਿਆ ਜਾਂਦਾ ਹੈ। ਇਸ ਮੌਕੇ ਇਸ ਰੋਸ ਮਾਰਚ ਦਾ ਮਾਲਵਾ ਯੂਥ ਫ਼ੈਡਰੇਸ਼ਨ, ਸਿੱਖ ਯੂਥ ਆਫ਼ ਪੰਜਾਬ ਅਤੇ ਪੰਜਾਬੀ ਮਾਂ-ਬੋਲੀ ਸਤਿਕਾਰ ਕਮੇਟੀ ਦੇ ਆਗੂਆਂ ਨੇ ਵੀ ਸਵਾਗਤ ਕਰਦਿਆਂ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਗੁਰਵਿੰਦਰ ਸਿੰਘ ਬਠਿੰਡਾ, ਹਰਦੀਪ ਸਿੰਘ ਮਹਿਰਾਜ਼, ਸੁਰਿੰਦਰ ਸਿੰਘ ਨਥਾਣਾ, ਰਾਜਿੰਦਰ ਸਿੰਘ ਆਦਿ ਸ਼ਾਮਲ ਸਨ।