ਨਿਊਯਾਰਕ 'ਚ ਸਿੱਖ ਜਿਹੜਾ ਮਰਜ਼ੀ ਪਹਿਰਾਵਾ ਪਹਿਨਣ, ਕੋਈ ਰੋਕ ਟੋਕ ਨਹੀਂ ਹੋਵੇਗੀ
ਵਿਸਾਖੀ ਤੇ ਖ਼ਾਲਸੇ ਦੇ ਜਨਮ ਦਿਹਾੜੇ ਨੂੰ ਵਾਸ਼ਿੰਗਟਨ ਸਟੇਟ ਵਿਚ ਸਰਕਾਰੀ ਤੌਰ 'ਤੇ ਸਿੱਖ ਮਹੀਨੇ ਵਜੋਂ ਮਨਾਉਣ ਨੂੰ ਪ੍ਰਵਾਨਗੀ ਦਿਤੀ
ਚੰਡੀਗੜ੍ਹ : ਭਾਵੇਂ ਸਿੱਖੀ ਦੇ ਜਨਮ ਭਾਰਤ ਵਿਚ ਸਿੱਖਾਂ ਨਾਲ ਕਈ ਵਾਰ ਵਧੀਕੀਆਂ ਵੀ ਹੋਈਆਂ ਹਨ ਪਰ ਅਮਰੀਕਾ 'ਚੋਂ ਸਿੱਖਾਂ ਲਈ ਖ਼ੁਸ਼ੀ ਦੀਆਂ ਖ਼ਬਰਾਂ ਲਗਾਤਾਰ ਮਿਲ ਰਹੀਆਂ ਹਨ। ਵਾਸ਼ਿੰਗਟਨ ਸਟੇਟ ਸਰਕਾਰ ਵਲੋਂ ਸਿੱਖਾਂ ਦਾ ਸੱਭ ਤੋਂ ਵੱਡਾ ਤਿਉਹਾਰ ਵਿਸਾਖੀ ਤੇ ਖ਼ਾਲਸੇ ਦੇ ਜਨਮ ਦਿਹਾੜੇ ਨੂੰ ਪੂਰੀ ਵਾਸ਼ਿੰਗਟਨ ਸਟੇਟ ਵਿਚ ਸਰਕਾਰੀ ਤੌਰ 'ਤੇ ਸਿੱਖ ਮਹੀਨੇ ਵਜੋਂ ਮਨਾਉਣ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ।
ਵਾਸ਼ਿੰਗਟਨ ਸਟੇਟ ਕੈਪੀਟਲ ਹਾਊਸ ਉਲੰਪੀਆ ਵਿਖੇ ਸਟੇਟ ਦੇ ਸਾਰੇ ਸੈਨੇਟਰਾਂ ਨੇ ਸਟੇਟ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਊਸ 'ਚ ਮੌਜੂਦਗੀ ਦੌਰਾਨ ਇਹ ਮਤਾ ਪਾਸ ਕੀਤਾ ਗਿਆ ਹੈ। ਇਸ ਨਾਲ ਖ਼ਾਲਸੇ ਦੇ ਜਨਮ ਦਿਹਾੜੇ ਨੂੰ ਵੀ ਵੱਡੀ ਮਾਨਤਾ ਮਿਲ ਗਈ ਹੈ। ਇਸ ਦੇ ਨਾਲ ਹੀ ਇਕ ਹੋਰ ਚੰਗੀ ਖ਼ਬਰ ਨਿਊਯਾਰਕ ਤੋਂ ਮਿਲੀ ਹੈ। ਨਿਊਯਾਰਕ ਸਟੇਟ ਸੈਨੇਟ ਨੇ ਧਾਰਮਕ ਪਹਿਰਾਵਾ ਬਿੱਲ ਪਾਸ ਕਰ ਦਿਤਾ ਹੈ। ਇਹ ਬਿੱਲ ਪਿਛਲੇ ਸਾਲਾਂ ਤੋਂ ਉਤਰਾਅ ਚੜ੍ਹਾਅ ਲੈਂਦਾ ਆ ਰਿਹਾ ਸੀ। ਕਦੇ ਬਿੱਲ ਇਕ ਸਦਨ 'ਚ ਪਾਸ ਹੋ ਜਾਂਦਾ ਤੇ ਕਦੇ ਦੂਜੇ ਸਦਨ 'ਚ ਰੁਕ ਜਾਂਦਾ। ਅੰਤ 6 ਸਾਲ ਬਾਅਦ ਬੀਤੇ ਕਲ ਇਹ ਸ਼ੁਭ ਦਿਨ ਵੀ ਆ ਗਿਆ ਕਿ ਇਸ ਬਿੱਲ ਨੂੰ ਮਨਜ਼ੂਰੀ ਮਿਲ ਗਈ।
ਦਰਅਸਲ ਸੈਨੇਟਰ ਜੌਹਨ ਲੂ ਦੀ ਸਿੱਖਾਂ ਨੇ ਚੋਣਾਂ ਵੇਲੇ ਡਟ ਕੇ ਮਦਦ ਕੀਤੀ ਸੀ ਤੇ ਉਨ੍ਹਾਂ ਵਾਅਦਾ ਕੀਤਾ ਸੀ ਕਿ ਇਹ ਬਿੱਲ ਪਾਸ ਕਰਵਾਇਆ ਜਾਵੇਗਾ। ਇਸ ਬਿੱਲ ਦੇ ਪਾਸ ਹੋਣ ਨਾਲ ਸਿੱਖਾਂ ਨੂੰ ਸੱਭ ਤੋਂ ਵੱਡਾ ਫ਼ਾਇਦਾ ਮਿਲੇਗਾ ਕਿਉਂਕਿ ਹੁਣ ਉਨ੍ਹਾਂ ਦੇ ਧਾਰਮਕ ਪਹਿਰਾਵੇ 'ਤੇ ਕੋਈ ਪਾਬੰਦੀ ਨਹੀਂ ਰਹੇਗੀ। ਉਹ ਕੰਮ ਵੇਲੇ ਅਪਣੇ ਕਕਾਰ ਧਾਰਨ ਕਰ ਸਕਿਆ ਕਰਨਗੇ ਤੇ ਪੱਗ ਬੰਨ੍ਹ ਕੇ ਕਿਤੇ ਵੀ ਘੁੰਮ ਸਕਣਗੇ। ਮੁਕਦੀ ਗੱਲ ਇਹ ਹੈ ਕਿ ਹੁਣ ਸਿੱਖ ਨਿਊਯਾਰਕ ਵਿਚ ਜਿਹੜਾ ਮਰਜ਼ੀ ਪਹਿਰਾਵਾ ਪਹਿਨਣ, ਉਨ੍ਹਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੋਵੇਗਾ।