ਸਿਮਰਜੀਤ ਬੈਂਸ ਨੇ ਸਿਹਤ ਮੰਤਰੀ ਵਿਰੁਧ ਦੋਸ਼ ਲਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਆਗੂਆਂ ਅਤੇ ਭਰਾਵਾਂ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਨੇ ਪੰਜਾਬ ਦੇ ਸੀਨੀਅਰ ਮੰਤਰੀ ਵਿਰੁਧ ਇਕ ਦਵਾਈਆਂ ਦੀ ਕੰਪਨੀ............

Simarjit Singh Bains And Balwinder Singh Bains

ਚੰਡੀਗੜ੍ਹ : ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਆਗੂਆਂ ਅਤੇ ਭਰਾਵਾਂ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਨੇ ਪੰਜਾਬ ਦੇ ਸੀਨੀਅਰ ਮੰਤਰੀ ਵਿਰੁਧ ਇਕ ਦਵਾਈਆਂ ਦੀ ਕੰਪਨੀ ਤੋਂ 25 ਕਰੋੜ ਦੇ ਕਮਿਸ਼ਨ ਲੈਣ ਦਾ ਦੋਸ਼ ਲਾਇਆ ਹੈ। ਅੱਜ ਇਥੇ ਸਿਵਲ ਸਕੱਤਰੇਤ ਦੇ ਪ੍ਰੈੱਸ ਰੂਮ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤੱਥਾਂ ਦੇ ਆਧਾਰ 'ਤੇ ਲੰਬੇ ਚੌੜੇ ਵੇਰਵੇ ਦੇ ਕੇ ਦਸਿਆ ਕਿ ਕਿਵੇਂ 80 ਕਰੋੜ ਦੀਆਂ ਦਵਾਈਆਂ ਖ਼ਰੀਦਣ ਲਈ ਟੈਂਡਰਾਂ ਦੀਆਂ ਸ਼ਰਤਾਂ, ਨਿਯਮਾਂ ਵਿਚ ਅਦਲਾ ਬਦਲੀ ਕੀਤੀ। ਟੈਂਡਰ ਦੀ ਤਰੀਕ ਵਧਾਈ ਅਤੇ ਕਿਸੇ ਚਹੇਤੀ ਕੰਪਨੀ ਨੂੰ ਠੇਕਾ ਦੇਣ ਦਾ ਇਕਰਾਰਨਾਮਾ ਹੋਇਆ।

ਡਿਸਪੈਂਸਰੀਆਂ, ਹਸਪਤਾਲਾਂ ਤੇ ਹੋਰ ਸਿਹਤ ਕੇਂਦਰਾਂ ਤੋਂ ਮਰੀਜ਼ਾਂ ਨੂੰ ਇਹ ਮੁਫ਼ਤ ਦਵਾਈਆਂ ਦੇਣ ਵਿਚ ਸ਼ੂਗਰ, ਪੇਟ ਜਲਣ, ਕੈਲਸ਼ੀਅਮ ਤੇ ਐਸਡਿਟੀ ਰੋਕਣ ਦੀਆਂ ਗੋਲੀਆ ਸ਼ਾਮਲ ਹਨ। ਇਸ 80 ਕਰੋੜ ਦੀ ਰਕਮ ਵਿਚ ਕੇਂਦਰ ਸਰਕਾਰ ਵੀ ਹਿੱਸਾ ਪਾਉਂਦੀ ਹੈ। ਤੱਥ ਪੇਸ਼ ਕਰਦੇ ਹੋਏ ਬੈਂਸ ਭਰਾਵਾਂ ਨੇ ਕਿਹਾ ਕਿ ਬਾਜ਼ਾਰ ਵਿਚ ਜਿਹੜੀ ਗੋਲੀ 40 ਪੈਸੇ ਦੀ ਵਿਕਦੀ ਹੈ, ਸਰਕਾਰ ਨੇ ਉਹ 50 ਰੁਪਏ ਵਿਚ ਲੈਣੀ ਹੈ, 25 ਪੈਸੇ ਵਾਲੀ ਗੋਲੀ 2000 ਗੁਣਾ ਰੇਟ 'ਤੇ, 20 ਪੈਸੇ ਵਾਲੀ 25000 ਗੁਣਾ ਭਾਅ 'ਤੇ ਇਸੇ

ਤਰ੍ਹਾਂ ਵਿਟਾਮਿਨ ਦੀਆ ਗੋਲੀਆਂ ਦਾ ਰੇਟ 2500 ਗੁਣਾ ਦਿਤਾ ਜਾ ਰਿਹਾ ਹੈ। ਸਿਮਰਜੀਤ ਬੈਂਸ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਰਾਹੀਂ ਦਿਤੀ ਚਿੱਠੀ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਕਿ ਸਿਹਤ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਇਨ੍ਹਾਂ ਟੈਂਡਰਾਂ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਪ੍ਰਕਾਸ਼ਤ ਕੀਤੇ ਟੈਂਡਰਾਂ ਵਿਚ 223 ਕਿਸਮ ਦੀਆਂ ਦਵਾਈਆਂ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਟੈਂਡਰ ਵੀ ਰੱਦ ਕੀਤੇ ਜਾਣ।