ਉੜੀਸਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਨੂੰ ਢਾਹਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖਾਂ ਨੇ ਮੁੱਖ ਮੰਤਰੀ ਵਿਰੁਧ ਰੋਸ ਪ੍ਰਗਟਾਇਆ

'Mangu, Punjabi Mutts demolition to hurt Sikhs'

ਭੁਵਨੇਸ਼ਨਵਰ : ਪੁਰੀ 'ਚ ਜਗਨਨਾਥ ਮੰਦਰ ਦੇ 75 ਮੀਟਰ ਦੇ ਘੇਰੇ 'ਚ ਮੌਜੂਦ ਮਠਾਂ ਨੂੰ ਢਹਾਏ ਜਾਣ ਦੀ ਕਾਰਵਾਈ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਬਣਾਏ ਗਏ ਮੰਗੂ ਮਠ ਅਤੇ ਪੰਜਾਬੀ ਮਠ ਨੂੰ ਢਹਾ ਦਿੱਤਾ ਹੈ। ਇਸ ਬਾਰੇ ਵਕੀਲ ਤੇ ਸਮਾਜਕ ਕਾਰਕੁਨ ਸੁਖਵਿੰਦਰ ਕੌਰ ਅਤੇ ਇਤਿਹਾਸਕਾਰ ਅਨਿਲ ਧੀਰ ਨੇ ਮੁੱਖ ਮੰਤਰੀ ਉੜੀਸਾ ਨਵੀਨ ਪਟਨਾਇਕ ਨੂੰ ਇਕ ਮੰਗ ਪੱਤਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਵਾਲੀ ਗੱਲ ਹੈ ਕਿ ਜਿਥੇ ਪੂਰੀ ਦੁਨੀਆਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਨੂੰ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਉੜੀਸਾ ਸਰਕਾਰ ਉਨ੍ਹਾਂ ਦੀ ਇਕ ਯਾਦਗਾਰੀ ਥਾਂ ਨੂੰ ਢਹਾ ਰਹੀ ਹੈ। ਸਰਕਾਰ ਦੀ ਇਸ ਕਾਰਵਾਈ ਨਾਲ ਪੂਰੀ ਦੁਨੀਆ ਦੇ ਸਿੱਖਾਂ ਅੰਦਰ ਰੋਸ ਪੈਦਾ ਹੋਇਆ ਹੈ। ਇਸ ਇਤਿਹਾਸਕ ਅਸਥਾਨ 'ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਯਾਤਰਾ ਦੌਰਾਨ ਸਮਾਂ ਬਤੀਤ ਕੀਤਾ ਸੀ। ਉੜੀਸਾ ਸਰਕਾਰ ਨੂੰ ਅਪੀਲ ਹੈ ਕਿ ਇਸ ‘ਸਫਾਈ ਮੁਹਿੰਮ’ ਨੂੰ ਤੁਰੰਤ ਬੰਦ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਮੰਦਰ ਦੇ ਜਿਹੜੇ 75 ਮੀਟਰ ਘੇਰੇ ਨੂੰ ਸਰਕਾਰ ਨੇ ਖਾਲੀ ਕਰਵਾਉਣ ਦਾ ਫ਼ੈਸਲਾ ਲਿਆ ਹੈ, ਉਸ 'ਚ ਏਮਾਰ ਮਠ (900 ਸਾਲ ਪਹਿਲਾਂ ਬਣਿਆ ਇਤਿਹਾਸਕ ਮਠ, ਜਿਸ 'ਚ ਕੁਝ ਸਾਲ ਪਹਿਲਾਂ ਵੱਡੀ ਗਿਣਤੀ 'ਚ ਚਾਂਦੀ ਦੀਆਂ ਦਰਜਨਾਂ ਇੱਟਾਂ ਮਿਲੀਆਂ ਸਨ), ਲੰਗੁਲੀ ਮਠ, ਸਾਨਛਤਾ ਮਠ, ਰਾਧਾਬੱਲਭ ਮਠ, ਮੰਗੂ ਮਠ, ਪੰਜਾਬੀ ਮਠ, ਰਾਘਵ ਦਾਸ ਮਠ, ਉੱਤਰ-ਪੱਛਮ ਮਠ, ਦੱਖਣ ਪੱਛਮ ਮਠ, ਤ੍ਰਿਮਾਲੀ ਮਠ, ਕਟਕੀ ਮਠ, ਛਾਉਣੀ ਮਠ, ਯਾਤਰੀ ਨਿਵਾਸ ਅਤੇ 175 ਨਿੱਜੀ ਘਰ ਆਉਂਦੇ ਹਨ। ਪ੍ਰਸ਼ਾਸਨ ਪਹਿਲਾਂ ਮਠਾਂ ਨੂੰ ਤੋੜ ਰਿਹਾ ਹੈ। ਇਸ ਤੋਂ ਬਾਅਦ ਘੇਰੇ 'ਚ ਆਉਣ ਵਾਲੇ ਉਨ੍ਹਾਂ ਘਰਾਂ ਨੂੰ ਤੋੜਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜੋ ਜਗਨਨਾਥ ਮੰਦਰ ਦੀ ਜ਼ਮੀਨ 'ਤੇ ਗ਼ੈਰ-ਕਾਨੂੰਨੀ ਕਬਜ਼ਾ ਕਰ ਕੇ ਬਣਾਏ ਗਏ ਹਨ ਜਾਂ ਇਸ ਘੇਰੇ 'ਚ ਆਉਂਦੇ ਹਨ।

ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਟੁੱਟੇ ਮਠਾਂ ਨੂੰ 75 ਮੀਟਰ ਘੇਰੇ ਤੋਂ ਦੂਰ ਉਸੇ ਸ਼ਕਲ 'ਚ ਸਥਾਪਤ ਕੀਤਾ ਜਾਵੇਗਾ। ਇਸ ਦੇ ਲਈ ਇਕ ਉਪ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਰਕਾਰ ਦਾ ਤਰਕ ਹੈ ਕਿ ਪੁਰੀ ਨੂੰ ਇਤਿਹਾਸਕ ਸ਼ਹਿਰ ਬਣਾਉਣ ਅਤੇ ਜਗਨਨਾਥ ਮੰਦਰ 'ਤੇ ਅਤਿਵਾਦੀ ਹਮਲੇ ਦੀ ਮਿਲ ਰਹੀ ਖੁਫੀਆ ਰਿਪੋਰਟ ਦੇ ਮੱਦੇਨਜ਼ਰ ਸੁਰੱਖਿਆ ਦੇ ਚਲਦੇ 75 ਮੀਟਰ ਇਲਾਕੇ ਨੂੰ ਖਾਲੀ ਕਰਨ ਦਾ ਫ਼ੈਸਲਾ ਲਿਆ ਹੈ।

ਬੀਤੇ ਐਤਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਠਾਂ ਨੂੰ ਢਹਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਪਹਿਲਾਂ ਵੱਡਾ ਅਖਾੜਾ ਮਠ ਢਹਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਸੀ। 6 ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਮਠ ਨੂੰ ਢਹਾਇਆ ਗਿਆ। ਵੱਡਾ ਅਖਾੜਾ ਮਠ ਦੀ ਸਥਾਪਨਾ ਨਾਗਾ ਸਾਧੂਆਂ ਨੇ ਸਾਲ 1402 'ਚ ਕੀਤੀ ਸੀ। 

ਅਨਿਲ ਧੀਰ ਨੇ ਦੱਸਿਆ ਕਿ ਸਿੱਖ ਪ੍ਰਚਾਰਕ ਭਾਈ ਅਲਮਸਤ, ਬਾਬਾ ਗੁਰਦਿੱਤਾ ਜੀ ਦੇ ਚੇਲੇ ਸਨ। ਬਾਬਾ ਜੀ ਨੇ ਉਨ੍ਹਾਂ ਦੀ ਭਗਤੀ ਭਾਵਨਾ ਕਰ ਕੇ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਪੂਰਬੀ ਭਾਰਤ ਵਿਚ ਪ੍ਰਚਾਰਨ ਲਈ ਭੇਜ ਦਿੱਤਾ। ਉੜੀਸਾ ਸੂਬੇ ਦੇ ਪੁਰੀ ਨਗਰ ਵਿਚ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਗਨਨਾਥ ਮੰਦਰ ਵਿਚ ਆਮਦ ਸਬੰਧੀ ਇਕ ਸਮਾਰਕ ਕਾਇਮ ਕੀਤਾ ਜੋ 'ਗੁਰਦੁਆਰਾ ਮੰਗੂ ਮਠ' ਵਜੋਂ ਪ੍ਰਸਿੱਧ ਹੋਇਆ। ਇਥੇ ਇਕ ਖੂਹੀ/ਬਾਉਲੀ ਵੀ ਹੈ, ਜਿਸ ਦੇ ਜਲ ਨੂੰ ਰੋਗ ਨਿਵਾਰਕ ਮੰਨਿਆ ਜਾਂਦਾ ਹੈ।