ਬਹਿਬਲ ਕਲਾਂ ਗੋਲੀ ਕਾਂਡ : ਸ਼ਹੀਦਾਂ ਦੀ ਯਾਦ 'ਚ ਮੁਤਵਾਜ਼ੀ ਜਥੇਦਾਰ ਅਲੱਗ-ਅਲੱਗ ਸਜਾਉਣਗੇ ਸਟੇਜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਈ ਮੰਡ ਬਹਿਬਲ ਕਲਾਂ ਤੇ ਦਾਦੂਵਾਲ ਬਰਗਾੜੀ 'ਚ ਪੁੱਜਣਗੇ

Baljit Singh Daduwal and others

ਬਠਿੰਡਾ : ਪੰਜ ਸਾਲ ਪਹਿਲਾਂ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਵਿਰੋਧ 'ਚ ਸ਼ਾਂਤਮਈ ਰੋਸ਼ ਪ੍ਰਗਟ ਕਰ ਰਹੇ ਸਿੱਖਾਂ ਨੂੰ ਗੋਲੀਆਂ ਚਲਾ ਕੇ ਸ਼ਹੀਦ ਕਰਨ ਦੇ ਮਾਮਲੇ 'ਚ 14 ਅਕਤੂਬਰ ਨੂੰ ਮੁੜ ਮੁਤਵਾਜ਼ੀ ਜਥੇਦਾਰਾਂ 'ਚ ਫ਼ੁੱਟ ਦੇਖਣ ਨੂੰ ਸਾਹਮਣੇ ਆ ਰਹੀ ਹੈ। ਪਤਾ ਚਲਿਆ ਹੈ ਕਿ ਪਿਛਲੇ ਸਾਲ ਬਰਗਾੜੀ 'ਚ ਉਭਰੇ ਮਤਭੇਦਾਂ ਤੋਂ ਬਾਅਦ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਸੁਰ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ।

ਉਕਤ ਦਿਨ ਇਸ ਗੋਲੀ ਕਾਂਡ 'ਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਉਕਤ ਦੋਵੇਂ ਜਥੇਦਾਰ ਅਲੱਗ-ਅਲੱਗ ਪ੍ਰੋਗਰਾਮਾਂ ਵਿਚ ਸ਼ਾਮਲ ਹੋ ਰਹੇ ਹਨ। ਇਸ ਦੀ ਪੁਸ਼ਟੀ ਕਰਦਿਆਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਬਠਿੰਡਾ ਵਿਚ ਪ੍ਰੈਸ ਕਾਨਫ਼ਰੰਸ ਕਰਦਿਆਂ ਸਿੱਖ ਸੰਗਤਾਂ ਨੂੰ ਬਰਗਾੜੀ ਦੇ ਖੇਡ ਸਟੇਡੀਅਮ ਵਿਚ ਪੁੱਜਣ ਦਾ ਸੱਦਾ ਦਿਤਾ। ਜਦੋਂ ਕਿ  ਭਾਈ ਧਿਆਨ ਵਿਚ ਮੰਡ ਦੀ ਅਗਵਾਈ ਹੇਠ ਪਹਿਲਾਂ ਹੀ ਯੂਨਾਈਟਿਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖ਼ਾਲਸਾ ਆਦਿ ਵਲੋਂ ਬਹਿਬਲ ਕਲਾਂ ਪਿੰਡ ਦੇ ਨਜ਼ਦੀਕ ਇਤਿਹਾਸਕ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਸਮਾਗਮ ਕੀਤਾ ਜਾ ਰਿਹਾ ਹੈ।

ਭਾਈ ਦਾਦੂਵਾਲ ਨੇ ਦਸਿਆ ਕਿ ''ਉਹ ਸਿਰਫ਼ ਬਰਗਾੜੀ ਦੇ ਖੇਡ ਸਟੇਡੀਅਮ ਵਿਖੇ ਹੀ ਪੁੱਜਣਗੇ, ਜਿਥੇ ਸ਼ਹੀਦ ਭਾਈ ਕ੍ਰਿਸਨ ਭਗਵਾਨ ਸਿੰਘ ਦੇ ਪ੍ਰਵਾਰ ਵਲੋਂ ਸਮਾਗਮ ਕਰਵਾਇਆ ਜਾ ਰਿਹਾ ਹੈ।'' ਉਧਰ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਸੰਪਰਕ ਕਰਨ 'ਤੇ ਦਸਿਆ, 'ਗੁਰਦਵਾਰਾ ਟਿੱਬੀ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਉਨ੍ਹਾਂ ਦੇ ਦਲ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਅਤੇ ਭਾਈ ਧਿਆਨ ਵਿਚ ਮੰਡ ਪੁੱਜ ਰਹੇ ਹਨ।' ਭਾਈ ਦਾਦੂਵਾਲ ਨੇ ਦਾਅਵਾ ਕੀਤਾ ਕਿ 14 ਅਕਤੂਬਰ ਦੇ ਸਮਾਗਮ ਦੌਰਾਨ ਕੋਈ ਨਵਾਂ ਪ੍ਰੋਗਰਾਮ ਨਹੀਂ ਉਲੀਕਿਆ ਜਾਵੇਗਾ, ਬਲਕਿ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀਆਂ ਦਿਤੀਆਂ ਜਾਣਗੀਆਂ। ਦੂਜੇ ਪਾਸੇ ਗੁਰਦੀਪ ਸਿੰਘ ਬਠਿੰਡਾ ਨੇ ਦਸਿਆ ਕਿ ਗੁਰਦਵਾਰਾ ਟਿੱਬੀ ਸਾਹਿਬ ਵਿਖੇ ਅਰਦਾਸ ਤੋਂ ਬਾਅਦ ਬਹਿਬਲ ਕਲਾਂ ਗੋਲੀ ਕਾਂਡ ਵਾਲੇ ਥਾਂ ਤਕ ਮਾਰਚ ਕੀਤਾ ਜਾਵੇਗਾ।