'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਸ਼ਤਾਬਦੀ ਦਾ ਮੁੱਖ ਸਮਾਗਮ ਕਰਵਾਉਣ ਸਬੰਧੀ ਵਿਚਾਰਾਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੇਸ਼-ਵਿਦੇਸ਼ ਦੀਆਂ ਸੰਗਤਾਂ ਅਕਾਲ ਤਖ਼ਤ ਦੇ ਜਥੇਦਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਣ ਪੱਤਰ : ਮਿਸ਼ਨਰੀ

Ideas for holding a Centenary Ceremony at 'Ucha dar Babe Nanak'

ਬਰਨਾਲਾ (ਕਮਲਜੀਤ ਸਿੰਘ) : 'ਉੱਚਾ ਦਰ ਬਾਬੇ ਨਾਨਕ ਦਾ' ਦੇ ਮੁੱਖ ਸਰਪ੍ਰਸਤ ਮੈਂਬਰ ਕਾਮਰੇਡ ਲਾਭ ਸਿੰਘ ਦੇ ਸਥਾਨਕ ਗ੍ਰਹਿ ਵਿਖੇ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਕਰਵਾਉਣ ਅਤੇ ਹੋਰ ਵਿਚਾਰਾਂ ਕਰਨ ਲਈ ਹੋਈ ਮੀਟਿੰਗ ਦੌਰਾਨ ਗਵਰਨਿੰਗ ਕੌਂਸਲ ਦੇ  ਮੈਂਬਰ ਤੇ ਏਕਸ ਕੇ ਬਾਰਕ ਦੇ ਕਨਵੀਨਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਦੀ ਅਗਵਾਈ 'ਚ ਜ਼ਿਲ੍ਹਾ ਇਕਾਈ ਫ਼ਰੀਦਕੋਟ ਤੋਂ ਸੁਖਵਿੰਦਰ ਸਿੰਘ ਬੱਬੂ ਅਤੇ ਗੁਰਿੰਦਰ ਸਿੰਘ ਕੋਟਕਪੂਰਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।

'ਉੱਚਾ ਦਰ ਬਾਬੇ ਨਾਨਕ ਦਾ ਦੇ ਲਾਈਫ਼ ਮੈਂਬਰ ਕ੍ਰਿਪਾਲ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮੁੱਖ ਸਮਾਗਮ 'ਉੱਚਾ ਦਰ..' ਵਿਖੇ ਕਰਵਾਉਣ ਸਬੰਧੀ ਵੱਧ ਤੋਂ ਵੱਧ ਪੱਤਰ ਭੇਜਣ ਦੀ ਪ੍ਰੋੜਤਾ ਕਰਦਿਆਂ ਆਖਿਆ ਕਿ ਸੰਗਤਾਂ ਨੂੰ ਇਸ ਮਾਮਲੇ 'ਚ ਵੱਧ ਤੋਂ ਵੱਧ ਦਿਲਚਸਪੀ ਦਿਖਾਉਣੀ ਚਾਹੀਦੀ ਹੈ। ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਨੇ ਦਸਿਆ ਕਿ ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ 'ਚ ਭਾਵੇਂ ਬਹੁਤ ਸ਼ਰਧਾ, ਉਤਸ਼ਾਹ ਅਤੇ ਜੋਸ਼ ਹੈ ਪਰ ਅਕਾਲੀ ਦਲ ਬਾਦਲ, ਕਾਂਗਰਸ, ਪੰਜਾਬ ਸਰਕਾਰ, ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਆਦਿਕ ਵਲੋਂ ਰਾਸ਼ਟਰੀ-ਅੰਤਰਰਾਸ਼ਟਰੀ ਨਗਰ ਕੀਰਤਨਾਂ ਜਾਂ ਇਸ ਮੌਕੇ ਹੋਣ ਵਾਲੇ ਸਮਾਰੋਹਾਂ ਤੋਂ ਰਾਜਸੀ ਫ਼ਾਇਦਾ ਲੈਣ ਵੱਲ ਹੀ ਧਿਆਨ ਹੈ।

ਉਨ੍ਹਾਂ ਦਾਅਵਾ ਕੀਤਾ ਕਿ 100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਅਜਿਹੇ ਮੌਕਿਆਂ 'ਤੇ ਦਰ ਕਿਨਾਰ ਕਰਨਾ ਦੁਖਦਾਇਕ ਤੇ ਅਫ਼ਸੋਸਨਾਕ ਹੈ। 'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰਾਂ ਸੁਖਵਿੰਦਰ ਸਿੰਘ ਬੱਬੂ ਅਤੇ ਗੁਰਿੰਦਰ ਸਿੰਘ ਕੋਟਕਪੂਰਾ ਨੇ ਆਖਿਆ ਕਿ ਭਾਵੇਂ 1200 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਸਾਲਾਨਾ ਆਮਦਨ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵਲੋਂ ਕੋਈ ਬਹੁਤਾ ਖ਼ਰਚਾ ਨਹੀਂ ਕੀਤਾ ਜਾ ਰਿਹਾ

ਪਰ ਕਰਤਾਰਪੁਰ ਲਾਂਘਾ, ਹੌਫਸਟਰਾ ਯੂਨੀਵਰਸਟੀ ਵਲੋਂ ਦੁਨੀਆਂ ਭਰ ਦੇ 30 ਪ੍ਰਮੁੱਖ ਸਕਾਲਰਾਂ ਨੂੰ ਬੁਲਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਮਰਪਿਤ ਤਿੰਨ ਦਿਨਾਂ ਸੈਮੀਨਾਰ ਕਰਵਾਉਣ, ਅਮਰੀਕਾ ਦੀਆਂ ਸੰਗਤਾਂ ਵਲੋਂ ਗੁਰੂ ਜੀ ਬਾਰੇ ਵਿਸ਼ਵ ਪੱਧਰ ਦੇ ਪ੍ਰਚਾਰ ਲਈ ਡਾਕੂਮੈਂਟਰੀ ਫ਼ਿਲਮ ਬਣਾਉਣ, ਦੁਬਈ ਦੀ ਗੁਰਦਵਾਰਾ ਕਮੇਟੀ ਵਲੋਂ ਗੁਰੂ ਜੀ ਦੀ ਜੀਵਨੀ ਨਾਲ ਸਬੰਧਤ ਸਾਹਿਤ ਵੰਡਣ, ਨੇਪਾਲ ਸਰਕਾਰ ਵਲੋਂ ਸ਼ਤਾਬਦੀ ਨੂੰ ਸਰਮਪਿਤ ਸਿੱਕੇ ਜਾਰੀ ਕਰਨ ਵਰਗੀਆਂ ਦਰਜਨਾਂ ਹੋਰ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ।

ਕਾਮਰੇਡ ਲਾਭ ਸਿੰਘ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਪਿਛਲੀਆਂ ਸ਼ਤਾਬਦੀਆਂ ਦੀ ਤਰ੍ਹਾਂ ਭਾਵੇਂ ਇਸ ਵਾਰ ਵੀ ਕਰੋੜਾਂ-ਅਰਬਾਂ ਰੁਪਿਆ ਪਾਣੀ ਵਾਂਗ ਰੋੜ੍ਹ ਦਿਤਾ ਜਾਵੇਗਾ ਅਤੇ ਸੰਗਤਾਂ ਨੂੰ ਇਸ ਦਾ ਕੋਈ ਲਾਹਾ ਨਹੀਂ ਮਿਲੇਗਾ ਪਰ 'ਉੱਚਾ ਦਰ ਬਾਬੇ ਨਾਨਕ ਦਾ' ਪਿੰਡ ਬਪਰੌਰ, ਨੇੜੇ ਸ਼ੰਭੂ ਬੈਰੀਅਰ, ਰਾਜਪੁਰਾ-ਅੰਬਾਲਾ ਸੜਕ, ਸ਼ੇਰਸ਼ਾਹ ਸੂਰੀ ਮਾਰਗ ਵਿਖੇ ਹੋਣ ਵਾਲਾ ਮੁੱਖ ਸਮਾਗਮ ਯਾਦਗਾਰੀ, ਇਤਿਹਾਸਕ, ਸਦੀਵੀ ਅਤੇ ਅਭੁੱਲ ਮੰਨਿਆ ਜਾ ਸਕਦਾ ਹੈ।