ਬਾਬਾ ਬਲਬੀਰ ਸਿੰਘ ਦੀ ਅਗਵਾਈ 'ਚ ਸਮੂਹ ਨਿਹੰਗ ਸਿੰਘਾਂ ਨੇ ਖ਼ਾਲਸਾਈ ਜਾਹੋ ਜਲਾਲ ਨਾਲ ਕਢਿਆ ਮਹੱਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

550ਵੇਂ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਸਮਾਗਮ ਨਿਹੰਗ ਸਿੰਘਾਂ ਦੇ ਮਹੱਲੇ ਉਪਰੰਤ ਸਮਾਪਤ

Nihang Singhs

ਸੁਲਤਾਨਪੁਰ ਲੋਧੀ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦੇ ਸ਼ਤਾਬਦੀ ਸਮਾਗਮਾਂ ਦੇ ਅੱਜ ਆਖ਼ਰੀ ਦਿਨ ਸ਼੍ਰੋਮਣੀ ਪੰਥ ਰਤਨ, ਸ਼੍ਰੋਮਣੀ ਸੇਵਾ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਹੇਠ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਘੋੜ ਸਵਾਰ ਨਿਹੰਗ ਸਿੰਘਾਂ ਵਲੋਂ ਵਿਸ਼ਾਲ ਮਹੱਲਾ ਕਢਿਆ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਪੁਰਾਤਨ ਛਾਉਣੀ ਨਿਹੰਗ ਸਿੰਘਾਂ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਧਾਰਮਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ ਤੇ ਕਈ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ।

ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿਤੀਆਂ ਤੇ ਗੁਰੂ ਦੇ ਫ਼ਲਸਫ਼ੇ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਤੇ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦਿਤਾ। ਉਪਰੰਤ ਪੰਜ ਪਿਆਰਿਆਂ ਦੀ ਰਹਿਨੁਮਾਈ ਤੇ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਵਲੋਂ ਮਹੱਲੇ ਲਈ ਚਾਲੇ ਪਾਏ ਗਏ। ਵਿਸ਼ਾਲ ਮਹੱਲਾ ਘੋੜਿਆਂ 'ਤੇ ਸਵਾਰ ਨੀਲੇ ਬਾਣੇ ਵਿਚ ਸਜੇ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਪਾਵਨ ਨਗਰੀ ਵਿਚੋਂ ਦੀ ਹੁੰਦੀਆਂ ਹੋਈਆਂ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਦੇ ਨਜ਼ਦੀਕ ਬਣੇ ਮੈਦਾਨ ਵਿਚ ਪਹੁੰਚੀਆਂ। ਇਸ ਮੌਕੇ ਸੰਪਰਦਾਇ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਵੀ ਅਪਣੀਆਂ ਫ਼ੌਜਾਂ ਨਾਲ ਪਹੁੰਚੇ ਤੇ ਸਮੂਹ ਜਥੇਬੰਦੀਆਂ ਵਲੋਂ ਨਗਾਰਿਆਂ ਦੀਆਂ ਚੋਟਾਂ ਅਤੇ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਨਾਲ ਅੱਜ ਦੇ ਮਹੱਲੇ ਮੌਕੇ ਨਿਹੰਗ ਸਿੰਘਾਂ ਦੇ ਕਿੱਲਾ ਪੁੱਟਣ, ਦੋ-ਤਿੰਨ ਤੇ ਚਾਰ ਘੋੜਿਆਂ ਦੀ ਘੋੜ ਸਵਾਰੀ ਤੇ ਗਤਕੇ ਦੇ ਜੌਹਰ ਵਿਖਾਏ ਗਏ। ਵੱਡੀ ਤਾਦਾਦ ਵਿਚ ਸੰਗਤਾਂ ਨੇ ਮਹੱਲੇ ਦਾ ਅਨੰਦ ਮਾਣਿਆਂ।

ਇਸ ਮੌਕੇ ਬਾਬਾ ਅਵਤਾਰ ਸਿੰਘ ਤੇ ਬਾਬਾ ਬਲਬੀਰ ਸਿੰਘ ਵਲੋਂ ਮੁੱਖ ਸ਼ਖ਼ਸੀਅਤਾਂ ਦਾ ਮਾਣ ਸਨਮਾਨ ਕੀਤਾ ਗਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿਤੀ। ਇਸ ਮੌਕੇ ਬਾਬਾ ਕਸਮੀਰ ਸਿੰਘ ਭੂਰੀ ਵਾਲੇ ਵੀ ਹਾਥੀ ਦੀ ਸਵਾਰੀ ਕਰ ਕੇ ਮਹੱਲੇ ਵਿਚ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ, ਬਾਬਾ ਬਲਬੀਰ ਸਿੰਘ  ਸੀਚੇਵਾਲ, ਸੰਤ ਬਾਬਾ ਗੱਜਣ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਦਇਆ ਸਿੰਘ  ਟਾਹਲੀ ਸਾਹਿਬ ਵਾਲੇ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬੀਬਾ ਜਸਪਾਲ ਕੌਰ ਹਰੀਆਂ ਵੇਲਾਂ ਵਾਲੇ, ਬਾਬਾ ਨਾਗਰ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਜੋਗਾ ਸਿੰਘ ਕਰਨਾਲ ਵਾਲੇ, ਸੁਖਜੀਤ ਸਿੰਘ ਕਨਈਆ, ਜਥੇਦਾਰ ਤਰਸੇਮ ਸਿੰਘ ਮਹਿਤਾ ਚੌਕ, ਮਨਮੋਹਣ ਸਿੰਘ ਬਾਰਨ ਵਾਲੇ, ਪੰਥਕ ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਸੁੱਖਾ ਸਿੰਘ ਭੁਰੀ ਵਾਲੇ, ਬਾਬਾ ਨਿਹਾਲ ਸਿੰਘ, ਬਾਬਾ ਗੱਜਣ ਸਿੰਘ ਬਾਬਾ ਬਕਾਲਾ, ਬਾਬਾ ਮੇਜਰ ਸਿੰਘ ਲੁਧਿਆਣਾ, ਗਿਆਨੀ ਰਣ ਸਿੰਘ,ਦਿਲਜੀਤ ਸਿੰਘ ਬੇਦੀ, ਬਾਬਾ ਮੇਜਰ ਸਿੰਘ ਵੱਡੀ ਦਸਤਾਰ ਵਾਲੇ, ਕੁਲਵਿੰਦਰ ਸਿੰਘ ਮੁਖੀ ਤਰਨਾ ਦਲ, ਬਾਬਾ ਮਹਿਲ ਸਿੰਘ, ਬਾਬਾ ਦਇਆ ਸਿੰਘ ਬਿਆਸ, ਸੇਵਾਦਰ ਨਿਰਮਲ ਸਿੰਘ, ਸੇਵਾਦਾਰ ਜਸਬੀਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।