ਖ਼ਾਲਸਾ ਸਾਜਨਾ ਦਿਵਸ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਛੀਆਂ ਨੂੰ ਪੀਣ ਵਾਲੇ ਪਾਣੀ ਲਈ ਮਿੱਟੀ ਦੇ ਭਾਂਡੇ ਵੰਡੇ

Khalsa Day celebrating

ਰਾਜਪੁਰਾ : ਰਾਮਗੜ੍ਹੀਆ ਸਭਾ ਵੱਲੋਂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂਦੁਆਰਾ ਸਾਹਿਬ ਰਾਮਗੜ੍ਹੀਆ ਸਭਾ ਰਾਜਪੁਰਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ, ਭਾਈ ਅਜੀਤ ਸਿੰਘ ਤੇ ਰਾਗੀ ਜੱਥੇ ਨੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਅਖੰਡ ਪਾਠ ਦੀ ਸੇਵਾ ਕਰਨ ਵਾਲੇ ਢੀਂਡਸਾ ਟਰਾਂਸਪੋਰਟ ਦੇ ਐਮ.ਡੀ. ਬਲਵਿੰਦਰ ਸਿੰਘ ਢੀਂਡਸਾ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਨੂੰ ਨਵੀਂ ਰਿਕਸ਼ਾ ਰੇਹੜੀ ਭੇਟਾਂ ਕਰਨ ਵਾਲੇ ਕਰਨੈਲ ਸਿੰਘ ਗੁਰਮ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਕੰਡੇਵਾਲਾ ਨੇ ਵਿਸਾਖੀ ਦਾ ਦਿਹਾੜਾ ਮਨਾਉਣ ਹੁੰਮ-ਹੁਮਾ ਕੇ ਪੁੱਜੀ ਸੰਗਤ ਨੂੰ ਵਧਾਈ ਦਿੱਤੀ ਅਤੇ ਖ਼ਾਲਸਾ ਸਾਜਨਾ ਦਿਵਸ ਦੇ ਇਤਿਹਾਸ 'ਤੇ ਵੀ ਵਿਸਥਾਰ ਵਿੱਚ ਚਾਨਣਾ ਪਾਇਆ। ਰਾਮਗੜ੍ਹੀਆ ਸਭਾ ਵੱਲੋਂ ਇੱਕ ਨਿਵੇਕਲੀ ਪਹੁੰਚ ਅਪਣਾਉਂਦਿਆਂ ਵਿਸਾਖੀ ਦੇ ਦਿਹਾੜੇ ਮੌਕੇ ਪਹੁੰਚੀ ਸੰਗਤ ਨੂੰ ਮਿੱਟੀ ਦੇ ਬਰਤਨ ਵੰਡੇ ਗਏ ਜਿਸ ਨਾਲ ਕਿ ਵੱਧ ਤੋਂ ਵੱਧ ਪਰਿਵਾਰ ਮਿੱਟੀ ਦੇ ਭਾਂਡੇ ਪਾਣੀ ਨਾਲ ਭਰ ਕੇ ਆਪਣੀਆਂ ਛੱਤਾਂ 'ਤੇ ਰੱਖ ਸਕਣ ਅਤੇ ਪੰਛੀਆਂ ਨੂੰ ਪੀਣ ਲਈ ਪਾਣੀ ਮਿਲ ਸਕੇ।

ਪ੍ਰਧਾਨ ਕੰਡੇਵਾਲਾ ਨੇ ਕਿਹਾ ਕਿ ਪਾਣੀ ਦੀ ਘਾਟ ਕਾਰਨ ਲੁਪਤ ਹੋ ਰਹੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਇਹ ਸੰਕੇਤਕ ਮੁਹਿੰਮ ਹੈ। ਖਾਸ ਤੌਰ 'ਤੇ ਉਨ੍ਹਾਂ ਚਿੜੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਚਿੜੀ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ। ਜੇ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਪੀਣ ਲਈ ਪਾਣੀ ਰੱਖਣਗੇ ਤਾਂ ਪੰਛੀਆਂ ਨੂੰ ਇਸ ਦੇ ਨਾਲ ਜੀਵਨ ਮਿਲੇਗਾ ਅਤੇ ਸਮਾਜ ਵਿੱਚ ਚਿੜੀਆਂ ਵਰਗੀਆਂ ਹੋਰ ਪ੍ਰਜਾਤੀਆਂ ਵੀ ਲੁਪਤ ਹੋਣੋ ਬਚ ਜਾਣਗੀਆਂ ਅਤੇ ਵਾਤਾਵਰਨ ਵੀ ਨਰੋਆ ਰਹੇਗਾ।

ਉਨ੍ਹਾਂ ਅਪੀਲ ਕੀਤੀ ਕਿ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਹ ਕਦਮ ਚੁੱਕਣੇ ਚਾਹੀਦੇ ਹਨ| ਚੇਤੇ ਰਹੇ ਕਿ ਸਭਾ ਨੇ ਪਹਿਲਾਂ ਵੀ ਰੁੱਖ ਲਗਾਉਣ ਦੀ ਮੁਹਿੰਮ ਵੀ ਜ਼ੋਰ-ਸ਼ੋਰ ਨਾਲ ਚਲਾਈ ਸੀ। ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਜਥੇਦਾਰ ਹਰਭਜਨ ਸਿੰਘ, ਮਾਨ ਸਿੰਘ ਸੱਗੂ, ਮੁਖਤਿਆਰ ਸਿੰਘ ਭੁੱਲਰ, ਜੋਗਿੰਦਰ ਸਿੰਘ ਮਠਾੜੂ, ਦਿਲਬਾਗ ਸਿੰਘ ਗੁਰਮ, ਯਾਦਵਿੰਦਰ ਸਿੰਘ ਢੀਂਡਸਾ, ਪ੍ਰੀਤਮ ਸਿੰਘ ਬਿੱਟਾ, ਕੰਵਲਜੀਤ ਸਿੰਘ ਸੋਖੀ ਆਦਿ ਹਾਜ਼ਰ ਸਨ।