ਸ਼੍ਰੋਮਣੀ ਕਮੇਟੀ 'ਤੇ ਟੇਕ ਰੱਖਣ ਵਾਲੇ ਸ਼ਰਧਾਲੂ ਐਤਕੀਂ ਵੀ ਪਾਕਿ ਗੁਰਧਾਮਾਂ ਦੇ ਦਰਸ਼ਨਾਂ ਤੋਂ ਰਹੇ ਵਾਂਝੇ
'ਮੂਲ ਨਾਨਕਸ਼ਾਹੀ ਕੈਲੰਡਰ' ਦੇ ਵਿਵਾਦ ਦਾ ਮਾਮਲਾ
ਕੋਟਕਪੂਰਾ : ਸ਼੍ਰੋਮਣੀ ਕਮੇਟੀ 'ਤੇ ਟੇਕ ਰੱਖਣ ਵਾਲੇ ਸ਼ਰਧਾਲੂ ਇਸ ਵਾਰ ਵੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿਣਗੇ। ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਕਾਰਨ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਨੂੰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਵੀਜ਼ੇ ਨਹੀਂ ਮਿਲੇ।
ਜ਼ਿਕਰਯੋਗ ਹੈ ਕਿ ਸ਼੍ਰ੍ਰੋਮਣੀ ਕਮੇਟੀ ਵਲੋਂ ਸੰਤ ਸਮਾਜ, ਸਾਧ ਯੂਨੀਅਨ ਅਤੇ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਕਰਨ ਵਾਲੀਆਂ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਖ਼ੁਸ਼ ਕਰਨ ਲਈ 'ਮੂਲ ਨਾਨਕਸ਼ਾਹੀ ਕੈਲੰਡਰ' ਦਾ ਸੋਧ ਦੇ ਨਾਮ 'ਤੇ ਕਤਲ ਕਰ ਦਿਤਾ ਗਿਆ ਸੀ, ਇਸ ਲਈ ਸ਼੍ਰੋਮਣੀ ਕਮੇਟੀ ਨੇ 'ਬਿਕਰਮੀ ਕੈਲੰਡਰ' ਅਨੁਸਾਰ ਸ਼ਹੀਦੀ ਪੁਰਬ 7 ਜੂਨ ਨੂੰ ਮਨਾ ਦਿਤਾ ਜਦਕਿ 'ਮੂਲ ਨਾਨਕਸ਼ਾਹੀ ਕੈਲੰਡਰ' ਮੁਤਾਬਕ ਸ਼ਹੀਦੀ ਦਿਹਾੜਾ 16 ਜੂਨ ਮਨਾਇਆ ਜਾਵੇਗਾ।
ਇਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਪਾਕਿਸਤਾਨ ਦੇ ਗੁਰਧਾਮਾਂ ਦੀ ਸਾਂਭ-ਸੰਭਾਲ ਕਰ ਰਹੀ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 'ਮੂਲ ਨਾਨਕਸ਼ਾਹੀ ਕੈਲੰਡਰ' ਨੂੰ ਮਾਨਤਾ ਦਿਤੀ ਹੋਈ ਹੈ ਅਤੇ ਪੀ.ਜੀ.ਪੀ.ਸੀ. ਵਲੋਂ ਸਾਰੇ ਗੁਰੂ ਸਾਹਿਬਾਨਾ ਦੇ ਜੀਵਨ ਨਾਲ ਸਬੰਧਤ ਇਤਿਹਾਸਕ ਦਿਹਾੜੇ 'ਮੂਲ ਨਾਨਕਸ਼ਾਹੀ ਕੈਲੰਡਰ' ਮੁਤਾਬਕ ਹੀ ਮਨਾਏ ਜਾਂਦੇ ਹਨ।
ਇਸ ਵਾਰ ਲਾਹੌਰ ਵਿਖੇ ਸਥਿਤ 'ਗੁਰਦਵਾਰਾ ਡੇਰਾ ਸਾਹਿਬ' ਵਿਚ 16 ਜੂਨ ਨੂੰ ਮਨਾਏ ਜਾਣ ਵਾਲੇ ਸ਼ਹੀਦੀ ਪੁਰਬ ਲਈ ਭਾਈ ਮਰਦਾਨਾ ਕੀਰਤਨ ਦਰਬਾਰ ਯਾਦਗਾਰ ਸੁਸਾਇਟੀ ਸਮੇਤ ਹੋਰ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਲਗਭਗ 130 ਸ਼ਰਧਾਲੂਆਂ ਨੂੰ ਪਾਕਿਸਤਾਨ 'ਚ ਗੁਰਧਾਮਾ ਦੀ ਯਾਤਰਾ ਲਈ ਵੀਜ਼ੇ ਮਿਲੇ ਸਨ, ਅੱਜ ਉਕਤ ਸ਼ਰਧਾਲੂ ਪਾਕਿਸਤਾਨ ਲਈ ਰਵਾਨਾ ਹੋ ਗਏ। ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਕਾਰਨ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੂੰ ਕਈ ਵਾਰ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਵਿਖੇ ਲਿਜਾਣ ਵਾਲੇ ਜਥੇ ਨੂੰ ਵੀਜ਼ਾ ਨਾ ਮਿਲਣ ਕਰ ਕੇ ਪ੍ਰੋਗਰਾਮ ਰੱਦ ਕਰਨਾ ਪਿਆ ਹੈ।