ਬੇਅਦਬੀ ਅਤੇ ਗੋਲੀ ਕਾਂਡ ਬਾਰੇ ਨਵੀਂ ਐਸ.ਆਈ.ਟੀ. ਵਲੋਂ ਪੜਤਾਲ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੈਪਟਨ ਸਰਕਾਰ ਵਲੋਂ ਬੇਅਦਬੀ ਤੇ ਗੋਲੀ ਕਾਂਡ ਦੀ ਪੜਤਾਲ ਲਈ ਗਠਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਅਪਣਾ ਕੰਮ ਸ਼ੁਰੂ ਕਰ ਦਿਤਾ ਹੈ..........

New SIT Start the investigation about the sacrilege and the shooting incident

ਕੋਟਕਪੂਰਾ : ਕੈਪਟਨ ਸਰਕਾਰ ਵਲੋਂ ਬੇਅਦਬੀ ਤੇ ਗੋਲੀ ਕਾਂਡ ਦੀ ਪੜਤਾਲ ਲਈ ਗਠਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਅਪਣਾ ਕੰਮ ਸ਼ੁਰੂ ਕਰ ਦਿਤਾ ਹੈ, ਕਿਉਂਕਿ ਪਹਿਲਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਰਹੀਆਂ ਪਰ ਕੈਪਟਨ ਸਰਕਾਰ ਨੇ ਉਕਤ ਮਾਮਲਿਆਂ ਦੀ ਜਾਂਚ ਸੀਬੀਆਈ ਤੋਂ ਵਾਪਸ ਲੈ ਕੇ ਨਵੀਂ ਗਠਤ ਕੀਤੀ ਐਸਆਈਟੀ ਦੇ ਹਵਾਲੇ ਕੀਤੀ ਤਾਂ ਫ਼ਰੀਦਕੋਟ ਪੁਲਿਸ ਨੇ ਕੋਟਕਪੂਰਾ ਅਤੇ ਬਾਜਾਖ਼ਾਨਾ ਥਾਣਿਆਂ 'ਚ ਦਰਜ ਚਾਰ ਕੇਸ ਐਸਆਈਟੀ ਨੂੰ ਸੌਂਪ ਦਿਤੇ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਪੁਲਿਸ ਅਧਿਕਾਰੀਆਂ ਵਿਰੁਧ ਜਾਂਚ 'ਤੇ ਰੋਕ ਲਾ ਦੇਣ ਕਾਰਨ ਐਸਆਈਟੀ ਦੀ ਉਕਤ ਜਾਂਚ ਅੱਗੇ ਵੱਧ ਸਕੇਗੀ ਜਾਂ ਨਹੀਂ ਇਸ ਬਾਰੇ ਅੱਜ ਸਾਰਾ ਦਿਨ ਤਰ੍ਹਾਂ-ਤਰ੍ਹਾਂ ਦੀ ਚਰਚਾ ਚਲਦੀ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਬਾਜਾਖ਼ਾਨਾ 'ਚ ਦਰਜ ਮਾਮਲਾ 129/15, 130/15 ਦੇ ਇਲਾਵਾ ਥਾਣਾ ਕੋਟਕਪੂਰਾ ਵਿਚ ਦਰਜ ਦੋ ਮਾਮਲੇ 192/15, 129/18 ਦਾ ਰੀਕਾਰਡ ਪੁਲਿਸ ਹੈੱਡਕੁਆਟਰ ਦੇ ਨਿਰਦੇਸ਼ਾਂ 'ਤੇ ਚੀਫ਼ ਇਨਵੈਸਟੀਗੇਸ਼ਨ ਬਿਊਰੋ ਚੰਡੀਗੜ੍ਹ ਨੂੰ ਭੇਜ ਦਿਤਾ ਗਿਆ ਹੈ।

ਸੇਵਾ ਸਿੰਘ ਮੱਲ੍ਹੀ ਐਸਪੀਐਚ ਫ਼ਰੀਦਕੋਟ ਨੇ ਦਸਿਆ ਕਿ ਇਨ੍ਹਾਂ ਮਾਮਲਿਆਂ 'ਚ ਪਹਿਲਾ ਅਣਪਛਾਤੇ ਪੁਲਿਸ ਅਧਿਕਾਰੀਆਂ ਵਿਰੁਧ ਕੇਸ ਦਰਜ ਕੀਤੇ ਗਏ ਸਨ ਪਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਬਾਜਾਖ਼ਾਨਾ 'ਚ ਦਰਜ ਮਾਮਲਾ 130/15 ਵਿਚ ਚਾਰ ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲੇ ਦੀ ਜਾਂਚ ਰੀਪੋਰਟ 'ਚ ਜਸਟਿਸ ਰਣਜੀਤ ਸਿੰਘ ਨੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਤੇ ਦੋ ਹੋਰ ਪੁਲਿਸ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਉਪਰ ਹਾਈ ਕੋਰਟ ਨੇ ਰੋਕ ਲਾ ਦਿਤੀ ਹੈ।

ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ 20 ਸਤੰਬਰ 'ਤੇ ਪਾ ਦਿਤੀ ਹੈ। ਇਨਸਾਫ਼ ਮੋਰਚੇ ਦੇ ਆਗੂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਸਰਕਾਰ ਵਲੋਂ ਗਠਤ ਕੀਤੀ ਨਵੀਂ ਐਸ.ਆਈ.ਟੀ. 'ਤੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦਾ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰੇ ਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰੇ।