ਸ਼੍ਰੋਮਣੀ ਕਮੇਟੀ ਨੇ ਡਾ. ਕਿਰਪਾਲ ਸਿੰਘ ਦਾ ਨਿਰਾਦਰ ਕੀਤਾ : ਮੱਕੜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਲਵਿੰਦਰ ਸਿੰਘ ਬੈਂਸ ਤੇ ਮਹਿੰਦਰ ਸਿੰਘ ਹੁਸੈਨਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦਾ ਨਹੀਂ

SGPC Insults Dr Kirpal Singh: Makkar

ਅੰਮ੍ਰਿਤਸਰ, 14 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਬਲਵਿੰਦਰ ਸਿੰਘ ਬੈਂਸ ਤੇ ਮਹਿੰਦਰ ਸਿੰਘ ਹੁਸੈਨਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦਾ ਨਹੀਂ ਸਗੋਂ ਬਾਦਲ ਕਮੇਟੀ ਦਾ ਇਜਲਾਸ ਹੈ ਜਿਥੇ ਮੈਂਬਰਾਂ ਨੂੰ ਹੀ ਅਪਣੇ ਵਿਚਾਰ ਰਖਣ ਦਾ ਅਧਿਕਾਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਸਾਡੀ ਆਨ ਤੇ ਸ਼ਾਨ ਹੈ ਤੇ ਉਹ ਅੱਜ ਬਰਗਾੜੀ ਮੋਰਚੇ ਦੇ ਹੱਕ ਵਿਚ ਮਤਾ ਪੇਸ਼ ਕਰ ਕੇ ਹੋਈ ਬੇਅਦਬੀ ਦੇ ਮੁੱਦੇ 'ਤੇ ਬਹਿਸ ਕਰਵਾਉਣਾ ਚਾਹੁੰਦੇ ਸਨ ਪਰ ਤਖ਼ਤਾਂ ਦੇ ਜਥੇਦਾਰਾਂ ਦੀ ਹਾਜ਼ਰੀ ਵਿਚ ਹੀ ਉਨ੍ਹਾਂ ਨੂੰ ਮਤਾ ਪੇਸ਼ ਨਹੀਂ ਕਰਨ ਦਿਤਾ ਗਿਆ। 

ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਕੋਈ ਵੀ ਹੋਰ ਬੋਲਿਆ ਤਕ ਨਹੀਂ ਕਿਉਂਕਿ ਉਨ੍ਹਾਂ ਨੂੰ ਨਾ ਬੋਲਣ ਦਾ ਬਾਦਲਾਂ ਦਾ ਟੀਕਾ ਲਗਾ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਪਾਰਲੀਮੈਂਟ ਇਹ ਉਸ ਦਿਨ ਮੰਨੀ ਜਾਵੇਗੀ ਜਿਸ ਦਿਨ ਹਰ ਮੈਂਬਰ ਨੂੰ ਅਪਣੇ ਵਿਚਾਰ ਪੇਸ਼ ਕਰਨ ਦਾ ਅਧਿਕਾਰ ਹੋਵੇਗਾ ਅਤੇ ਮੁੱਦਿਆ 'ਤੇ ਬਹਿਸ ਕਰਵਾਈ ਜਾਇਆ ਕਰੇਗੀ। ਦਿੱਲੀ ਜਾ ਕੇ ਤਾਂ ਨਵੰਬਰ 1984 ਸਮੇ ਸਿੱਖਾਂ ਦੀ ਨਸਲਕੁਸ਼ੀ ਦੀ ਯਾਦ ਤਾਂ ਇਨ੍ਹਾਂ ਨੂੰ 34 ਸਾਲ ਬਾਅਦ ਆ ਗਈ ਪਰ ਬਹਿਬਲ ਕਲਾਂ ਵਿਖੇ ਮਾਰੇ ਗਏ ਦੋ ਸਿੱਖਾਂ ਦੀ ਯਾਦ ਨਾ ਸ਼੍ਰੋਮਣੀ ਕਮੇਟੀ ਨੂੰ ਆਈ ਹੈ ਤੇ ਨਾ ਹੀ ਅਕਾਲੀ ਦਲ ਬਾਦਲ ਨੂੰ ਆਈ ਹੈ।

ਹੁਣ ਤੱਕ ਜਸਵੰਤ ਸਿੰਘ ਖਾਲੜਾ ਕੇਸ, ਜਥੇਦਾਰ ਗੁਰਦੇਵ ਸਿੰਘ ਕਾਉਕੇ, ਜਸਪਾਲ ਸਿੰਘ ਚੌੜ ਸਿਧਵਾਂ, ਦਰਸ਼ਨ ਸਿੰਘ ਲੁਹਾਰਾ ਤੇ ਕੰਵਲਜੀਤ ਸਿੰਘ ਸੰਗਰੂਰ, ਬਲਕਾਰ ਸਿੰਘ ਬੰਬੇ ਦੇ ਕਾਤਲਾਂ ਨੂੰ ਵੀ ਸਜ਼ਾਵਾਂ ਨਹੀਂ ਦਿਵਾਈਆ ਜਾ ਸਕੀਆ। ਉਨ੍ਹਾਂ ਨੂੰ ਮਤਾ ਪੇਸ਼ ਕਰਨ ਦਾ ਮੌਕਾ ਹੀ ਨਹੀਂ ਦਿਤਾ ਤਾਂ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ-ਮੁਰਦਾਬਾਦ ਦੇ ਨਾਹਰੇ ਜ਼ਰੂਰ ਲਗਾਏ ਹਨ ਪਰ ਅਫ਼ਸੋਸ ਤਖ਼ਤਾਂ ਦੇ ਜਥੇਦਾਰ ਵੀ ਇਸ ਮੌਕੇ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ ਪਰ ਕਿਸੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਤੇ 'ਤੇ ਹਾਅ ਦਾ ਨਾਹਰਾ ਨਹੀਂ ਮਾਰਿਆ। 

ਪਿਛਲੇ ਕਰੀਬ 22 ਸਾਲਾ ਤੋਂ ਲਗਾਤਾਰ ਸ਼੍ਰੋਮਣੀ ਕਮੇਟੀ ਦੀ ਮੈਂਬਰ ਚਲੀ ਆ ਰਹੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਸਿੰਘ ਕੌਰ ਦੇ ਹੱਥੋ ਉਸ ਵੇਲੇ ਮਾਈਕ ਖੋਹ ਲਿਆ ਗਿਆ ਜਦੋਂ ਉਹ ਇਤਿਹਾਸਕਾਰ ਡਾ. ਕਿਰਪਾਲ ਸਿੰਘ ਬਾਰੇ ਗੱਲ ਕਰਨਾ ਚਾਹੁੰਦੀ ਸੀ। ਡਾ. ਕਿਰਪਾਲ ਸਿੰਘ ਨਾਲ ਜਿਹੜਾ ਸਲੂਕ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ ਉਹ ਕੋਈ ਵਧੀਆ ਨਹੀਂ ਹੈ। ਬੀਬੀ ਕਿਰਨਜੋਤ ਕੌਰ ਜਦੋਂ ਅਪਣੀ ਗੱਲ ਕਰ ਹੀ ਰਹੀ ਸੀ ਤਾਂ ਵਿਧਾਨ ਸਭਾ ਹਲਕਾ ਮਜੀਠਾ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਨੇ ਬੀਬੀ ਕਿਰਨਜੋਤ ਕੌਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ

ਅਤੇ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੂੰ ਛੇ ਛੇ ਦੀਆਂ ਗੋਲੀਆਂ ਮਾਰਨ ਦੀ ਧਮਕੀ ਦੇਣ ਵਾਲੇ ਮਾਈਕ ਖੋਹ ਲਿਆ ਤੇ ਪ੍ਰਬੰਧਕਾਂ ਨੇ ਪਿੱਛੋਂ ਆਵਾਜ਼ ਬੰਦ ਕਰ ਦਿਤੀ। ਇੰਨੇ ਚਿਰ ਨੂੰ ਬੀਬੀ ਕਿਰਨਜੋਤ ਕੌਰ ਦਾ ਵਿਰੋਧ ਕਰਨ ਵਾਲੇ ਹੋਰ ਵੀ ਕਈ ਮੈਂਬਰ ਉਠ ਖੜੇ ਹੋਏ ਤੇ ਬੀਬੀ ਜੀ ਇਜਲਾਸ ਵਿਚੋਂ ਬਾਹਰ ਨਿਕਲ ਗਏ। ਬਾਦਲ ਦਲ ਨਾਲ ਸਬੰਧਤ ਬੀਬੀ ਕਿਰਨਜੋਤ ਕੌਰ ਨੂੰ ਵੀ ਜੇਕਰ ਅਪਣੇ ਵਿਚਾਰ ਪੇਸ਼ ਕਰਨ ਦੀ ਆਗਿਆ ਨਹੀਂ ਦਿਤੀ ਤਾਂ ਫਿਰ ਵਿਰੋਧੀ ਧਿਰ ਨੂੰ ਬੋਲਣ ਦੀ ਆਗਿਆ ਕਿਵੇਂ ਦਿਤੀ ਜਾ ਸਕਦੀ ਸੀ। 

ਬੀਬੀ ਕਿਰਨਜੋਤ ਕੌਰ ਇਹ ਵੀ ਮਤਾ ਲਿਆਉਣ ਦੀ ਮੰਗ ਕਰਨਾ ਚਾਹੁੰਦੀ ਸੀ ਕਿ ਇੰਡੀਅਨ ਏਅਰਲਾਈਨਜ਼ ਵਿਚ ਤਾਂ ਸਿੱਖਾਂ ਦੀ ਛੋਟੀ ਕਿਰਪਾਨ ਵੀ ਲੁਹਾ ਲਈ ਜਾਂਦੀ ਹੈ ਪਰ ਕੈਨੇਡਾ ਵਿੱਚ ਸਿੱਖਾਂ ਨੂੰ ਕਿਰਪਾਨ ਪਾ ਕੇ ਸਫ਼ਰ ਕਰਨ ਦੀ ਇਜਾਜ਼ਤ ਹੈ ਤੇ ਸ਼੍ਰੋਮਣੀ ਕਮੇਟੀ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਸਿੱਖਾਂ ਦੇ ਧਾਰਮਕ ਹੱਕ ਨੂੰ ਬਹਾਲ ਕਰਵਾਏ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨਾਲ ਦੁਰਵਿਹਾਰ ਕਰ ਦਿਤਾ ਗਿਆ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੂੰ ਜਦੋਂ ਪੁਛਿਆ ਕਿ ਉਹ ਡਾ. ਕਿਰਪਾਲ ਸਿੰਘ ਨਾਲ ਕੀਤੇ ਗਏ ਵਿਵਹਾਰ ਤੋਂ ਸੰਤੁਸ਼ਟ ਹਨ

ਜਾਂ ਨਹੀਂ ਤਾਂ ਉਨ੍ਹਾਂ ਕਿਹਾ ਕਿ ਡਾ ਕਿਰਪਾਲ ਸਿੰਘ ਇਕ ਵਿਦਵਾਨ ਸ਼ਖ਼ਸੀਅਤ ਹਨ ਤੇ ਉਨ੍ਹਾਂ ਕੋਲੋਂ ਜੇਕਰ ਕੋਈ ਕੁਤਾਹੀ ਹੋਈ ਹੈ ਤਾਂ ਉਨ੍ਹਾਂ ਨਾਲ ਬੈਠ ਕੇ ਵਿਚਾਰ ਕਰ ਲੈਣਾ ਚਾਹੀਦਾ ਸੀ ਜਿਸ ਕਿਤਾਬ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿਤਾਬ ਤਾਂ ਪਹਿਲਾਂ ਵਿਖਾਈ ਜਾਵੇ ਕਿ ਕਿਤਾਬ ਕਿਥੇ ਹੈ? ਫ਼ਜ਼ੂਲ ਰੌਲਾ ਪਾ ਕੇ ਇਕ ਵਿਦਵਾਨ ਨਾਲ ਅਜਿਹਾ ਬੇਤੁਕਾ ਵਿਵਹਾਰ ਕਰਨਾ ਕਿਸੇ ਵੀ ਤਰ੍ਹਾਂ ਦਰੁਸਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਅਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਤੇ ਪ੍ਰੋਫ਼ੈਸਰ ਆਫ਼ ਸਿੱਖਇਜ਼ਮ ਡਾ ਕਿਰਪਾਲ ਸਿੰਘ ਤੋਂ ਖ਼ਿਮਾ ਜਾਚਨਾ ਕਰਨੀ ਚਾਹੀਦੀ ਹੈ।