'ਪੇਟੈਂਟ' ਕਰਨ ਵਾਲਿਆਂ ਵਿਰੁਧ ਕਰਵਾਈ ਕਰਨ ਜਥੇਦਾਰ ਤੇ ਸ਼੍ਰੋਮਣੀ ਕਮੇਟੀ : ਪ੍ਰੋ. ਬਡੂੰਗਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਪੇਟੈਂਟ' ਕਰਵਾਉਣਾ ਗੁਰੂ ਮਰਿਆਦਾ ਦੇ ਉਲਟ ਮੰਦਭਾਗੀ ਕਾਰਵਾਈ

Kirpal Singh Badungar

ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ 'ਸਿੱਖ ਸਸ਼ਤਰ ਵਿਦਿਆ ਅਤੇ ਗਤਕਾ' ਨੂੰ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਏ ਜਾਣ ਦਾ ਨੋਟਿਸ ਲੈਂਦਿਆਂ ਅਜਿਹੀ ਛੇੜਛਾੜ ਕਰਨ ਵਾਲੇ ਵਿਅਕਤੀ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। 

ਪ੍ਰੋ. ਬਡੂੰਗਰ ਨੇ ਕਿਹਾ ਕਿ ਦਿੱਲੀ ਦੀ ਇਕ ਨਿਜੀ ਪ੍ਰੋਪਰਾਈਟਰਸ਼ਿਪ ਵਾਲੀ ਲਿਮਿਟਡ ਕੰਪਨੀ ਨੇ 'ਸਿੱਖ ਸ਼ਸਤਰ' ਵਿਦਿਆ ਅਤੇ ਗਤਕਾ ਨੂੰ ਟਰੇਡ ਮਾਰਕ ਕਾਨੂੰਨ ਤਹਿਤ 'ਪੇਟੈਂਟ' ਕਰਵਾ ਲਿਆ ਜੋ ਮੰਦਭਾਗੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਸ਼ਾਸਤਰ ਵਿਦਿਆ ਅਤੇ ਗਤਕੇ ਦਾ ਸਿੱਧਾ ਸਬੰਧ ਗੁਰੂ ਸਾਹਿਬਾਨ ਅਤੇ ਗੁਰਮਤਿ ਮਰਿਆਦਾ ਨਾਲ ਹੈ ਜੋ ਗੁਰਮਤਿ ਜੀਵਨ ਦਾ ਅਨਿੱਖੜਵਾਂ ਅੰਗ ਹੈ ਜਿਸ ਨਾਲ ਛੇੜਛਾੜ ਨਹੀਂ ਕੀਤੀ ਸਕਦੀ। 

ਪ੍ਰੋ. ਬਡੂੰਗਰ ਨੇ ਕਿਹਾ ਪ੍ਰਕਾਸ਼ਤ ਹੋਈਆਂ ਖ਼ਬਰਾਂ ਰਾਹੀਂ ਇਹ ਜਨਤਕ ਹੋਇਆ ਹੈ ਕਿ ਇਹ ਮੰਦਭਾਗੀ ਕਾਰਵਾਈ ਹਰਪ੍ਰੀਤ ਸਿੰਘ ਖ਼ਾਲਸਾ ਨਾਮੀ ਵਿਅਕਤੀ ਵਲੋਂ ਕੀਤੀ ਗਈ ਹੈ ਜਿਸ ਵਿਰੁਧ ਕਾਰਵਾਈ ਕੀਤੀ ਜਾਵੇ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਅਜਿਹੀ ਮੰਦਭਾਗੀ ਕਾਰਵਾਈ ਕਰਨ ਵਾਲੇ ਹਰਪ੍ਰੀਤ ਸਿੰਘ ਖਾਲਸਾ ਨਾਮੀ ਵਿਅਕਤੀ ਖਿਲਾਫ਼ ਕਾਰਵਾਈ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਭੇਜ ਕੇ ਤੁਰਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਦੀ ਮਰਿਆਦਾ ਅਤੇ ਖ਼ਾਲਸਾ ਪੰਥ ਦੀ ਧਰੋਹਰ ਨਾਲ ਛੇੜਛਾੜ ਕਰਨ ਵਾਲਿਆਂ ਵਿਰੁਧ ਫੌਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।