ਨਿਹੰਗ ਸਿੰਘਾਂ ਵਲੋਂ ਮਹੱਲਾ ਕੱਢਣ ਉਪਰੰਤ ਵਿਸਾਖੀ ਮੇਲਾ ਹੋਇਆ ਸਮਾਪਤ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਹਿੰਗ ਸਿੰਘਾਂ ਨੇ ਕਿੱਲਾ ਪੁੱਟਣ, ਦੋ, ਚਾਰ ਤੇ ਛੇ ਘੋੜਿਆਂ ਦੀ ਸਵਾਰੀ ਕਰ ਕੇ ਸੰਗਤਾਂ ਨੂੰ ਹੈਰਾਨ ਕਰ ਦਿਤਾ

Pic

ਤਲਵੰਡੀ ਸਾਬੋ : ਖ਼ਾਲਸਾ ਸਾਜਨਾ ਦਿਵਸ ਨੂੰ ਲੈ ਕੇ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਵਿਸਾਖੀ ਜੋੜ ਮੇਲਾ ਅੱਜ ਗੁਰੂ ਕੀਆਂ ਲਾਡਲੀਆਂ ਨਿਹੰਗ ਸਿਘ ਫ਼ੌਜਾਂ ਵਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ਮਹੱਲਾ ਕੱਢਣ ਨਾਲ ਸਮਾਪਤ ਹੋ ਗਿਆ। ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ ਮੁੱਖ ਅਸਥਾਨ ਗੁਰਦੁਆਰਾ ਦੇਗਸਰ ਬੇਰ ਸਾਹਿਬ ਵਿਖੇ ਅਰਦਾਸ ਉਪਰੰਤ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਨਿਹੰਗ ਸਿੰਘਾਂ ਨੇ ਮਹੱਲਾ ਸਜਾਇਆ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕ ਕੇ ਬੱਸ ਅੱਡੇ ਦੇ ਮਗਰ ਬਣੇ ਮੈਦਾਨ ਵਲ ਚਾਲੇ ਪਾ ਦਿਤੇ।

ਮਹੱਲੇ ਦੀ ਅਰੰਭਤਾ ਦੀ ਅਰਦਾਸ ਬਾਬਾ ਬਲਬੀਰ ਸਿੰਘ ਵਲੋਂ ਕੀਤੀ ਗਈ। ਛਾਉਣੀ ਨਿਹੰਗ ਸਿੰਘਾਂ ਤੋਂ ਅਰੰਭ ਹੋ ਕੇ ਮਹੱਲਾ ਤਖ਼ਤ ਸ੍ਰੀ ਦਮਦਮਾ ਸਾਹਿਬ, ਨਿਸ਼ਾਨ-ਏ-ਖ਼ਾਲਸਾ ਚੌਕ ਤੋਂ ਹੁੰਦਾ ਹੋਇਆ ਗੁਰਦੁਆਰਾ ਮਹੱਲਸਰ ਸਾਹਿਬ, ਗੁਰਦਵਾਰਾ ਜੰਡਸਰ ਸਾਹਿਬ ਪੁੱਜ ਕੇ ਸਮਾਪਤ ਹੋਇਆ। ਇਸ ਮੌਕੇ ਨਹਿੰਗ ਸਿੰਘਾਂ ਨੇ ਕਿੱਲਾ ਪੁੱਟਣ, ਦੋ, ਚਾਰ ਤੇ ਛੇ ਘੋੜਿਆਂ ਦੀ ਸਵਾਰੀ ਕਰ ਕੇ ਸੰਗਤਾਂ ਨੂੰ ਹੈਰਾਨ ਕਰ ਦਿਤਾ। ਇਸ ਨਾਲ ਹੀ ਨਿਹੰਗ ਸਿੰਘਾਂ ਨੇ ਸਿੱਖ ਮਾਰਸ਼ਲ ਖੇਡ ਗਤਕੇ ਦੇ ਜੰਗਜ਼ੂ ਜੌਹਰ ਵੀ ਦਿਖਾਏ।

ਬਾਬਾ ਬਲਬੀਰ ਸਿੰਘ ਨੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਦਸਮ ਪਾਤਸ਼ਾਹ ਜੀ ਨੇ ਖ਼ਾਲਸੇ ਦੀ ਸਾਜਨਾ ਕਰ ਕੇ ਸਿੱਖ ਪੰਥ ਨੂੰ ਨਿਆਰਾਪਣ ਬਖ਼ਸ਼ਿਆ ਹੈ। ਸਿੱਖ ਪੰਥ ਦੇ ਨਿਆਰੇਪਣ ਦੀਆਂ ਰਵਾਇਤਾਂ ਨੂੰ ਨਿਹੰਗ ਸਿੰਘ ਫ਼ੌਜਾਂ ਪੁਰਾਤਨ ਤੌਰ ਤਰੀਕਿਆਂ ਅਨੁਸਾਰ ਸਾਂਭੀ ਬੈਠੀਆਂ ਹਨ। ਇਸ ਮੌਕੇ ਮਹੱਲਾ ਦੇਖਣ ਆਈਆਂ ਸੰਗਤਾਂ ਵਿਚੋਂ ਘੋੜਿਆਂ ਦੀ ਫੇਟ ਵੱਜਣ ਕਾਰਨ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਜ਼ਿਆਦਾ ਜ਼ਖ਼ਮੀ ਵਿਅਕਤੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਮੁਢਲੀ ਸਹਾਇਤਾ ਦੇਣ ਉਪਰੰਤ ਬਠਿੰਡਾ ਰੈਫ਼ਰ ਕਰ ਦਿਤਾ ਗਿਆ।

ਮਹੱਲੇ ਵਿਚ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੇ ਨਾਲ ਜਥੇਦਾਰ ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ, ਜਥੇਦਾਰ ਬਾਬਾ ਅਵਤਾਰ ਸਿੰਘ ਮੁਖੀ ਤਰਨਾ ਦਲ ਸੰਪਰਦਾ ਬਾਬਾ ਬੀਧੀ ਚੰਦ ਸੁਰ ਸਿੰਘ, ਬਾਬਾ ਮਾਨ ਸਿੰਘ ਮੜ੍ਹੀਆਂ ਵਾਲਾ, ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਜਥੇਦਾਰ ਬਾਬਾ ਵੱਸਣ ਸਿੰਘ ਮੁੱਖ ਬੁਲਾਰਾ ਨਿਹੰਗ ਸਿੰਘਾਂ, ਬਾਬਾ ਤਾਰਾ ਸਿੰਘ ਝਾੜ ਸਾਹਿਬ, ਜਥੇਦਾਰ ਬਾਬਾ ਤਰਸੇਮ ਸਿੰਘ ਮਹਿਤਾ ਚੌਕ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ ਆਦਿ ਹਾਜ਼ਰ ਸਨ।