ਨਿਊਜ਼ੀਲੈਂਡ 'ਚ ਖ਼ਾਲਸਾ ਸਾਜਨਾ ਦਿਵਸ ਮੌਕੇ ਸੰਗਤਾਂ ਦਾ ਭਾਰੀ ਉਤਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਦਵਾਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਵਿਸ਼ੇਸ਼ ਸਵੇਰ ਦੇ ਅਤੇ ਸ਼ਾਮ ਦੇ ਦੀਵਾਨ ਸਜਾਏ ਗਏ

Pic-1

ਔਕਲੈਂਡ : ਗੁਰਦਵਾਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਖ਼ਾਲਸਾ ਪੰਥ ਦਾ ਖ਼ਾਲਸਾ ਸਾਜਨਾ ਦਿਵਸ ਬੜੇ ਉਤਸ਼ਾਹ ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਵਿਚ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਸ਼ੁਕਰਵਾਰ ਤੋਂ ਆਰੰਭ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਭਾਈ ਰਣਜੀਤ ਸਿੰਘ ਦੇ ਜਥੇ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਨੌਜਵਾਨਾਂ ਨੇ ਗੁਰੂ ਕੇ ਲੰਗਰਾਂ ਦੀ ਸੇਵਾ ਵਿਚ ਵੱਡਾ ਯੋਗਦਾਨ ਪਾਇਆ।

ਗੁਰਦਵਾਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਵਿਸ਼ੇਸ਼ ਸਵੇਰ ਦੇ ਅਤੇ ਸ਼ਾਮ ਦੇ ਦੀਵਾਨ ਸਜਾਏ ਗਏ, ਅਖੰਠ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਜੋਗਿੰਦਰ ਸਿੰਘ ਦੇ ਜਥੇ ਨੇ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਲਗਵਾਈ। ਗੁਰਦਵਾਰਾ ਸਾਹਿਬ ਦੇ ਵਿਹੜੇ ਵਿਚ ਗਤਕੇ ਦੇ ਜੌਹਰ ਵਿਖਾਏ ਗਏ। ਗੁਰਦਵਾਰਾ ਬੇਗ਼ਮਪੁਰਾ ਸਾਹਿਬ ਪਾਪਾਕੁਰਾ ਵਿਖੇ ਵਿਸਾਖੀ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਭਾਈ ਰਣਜੀਤ ਸਿੰਘ, ਭਾਈ ਮਨਜੀਤ ਸਿੰਘ, ਭਾਈ ਯਾਦਵਿੰਦਰ ਸਿੰਘ, ਭਾਈ ਖ਼ੁਸ਼ਵਿੰਦਰ ਸਿੰਘ ਕਿਸ਼ਨ ਸਿੰਘ ਦੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਇਸ ਮੌਕੇ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ। 

ਸਿੱਖ ਸੰਗਤ ਨਿਊਜ਼ੀਲੈਂਡ ਵਲੋਂ ਸਥਾਪਤ ਗੁਰਦਵਾਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਰੋਟੋਰੂਆ ਵਿਖੇ ਸ਼ਾਮ ਦਾ ਪ੍ਰੋਗਰਾਮ ਸਨਿਚਰਵਾਰ ਨੂੰ ਰਖਿਆ ਗਿਆ। ਇਸ ਮੌਕੇ ਜਿਥੇ ਕੀਰਤਨ, ਕਥਾ ਅਤੇ ਹੋਰ ਵਿਚਾਰਾਂ ਹੋਣਗੀਆਂ ਉਥੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਕੀਤਾ ਗਿਆ। ਅੰਮ੍ਰਿਤ ਅਭਿਲਾਖੀਆਂ ਨੇ ਅੰਮ੍ਰਿਤ ਛਕਿਆ ਅਤੇ ਕਕਾਰਾਂ ਦੀ ਸੇਵਾ ਗੁਰਦਵਾਰਾ ਸਾਹਿਬ ਤੋਂ ਕੀਤੀ ਗਈ।