ਲਾਇਬ੍ਰੇਰੀ ਦੇ ਮਸਲੇ 'ਤੇ ਹਾਈ ਪਾਵਰ ਕਮੇਟੀ ਕੌਮ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਕਰੇਗੀ : ਮਾਝੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਰੋਜ਼ਾਨਾ ਸਪੋਕਸਮੈਨ' ਨੇ ਵੱਡੇ ਪ੍ਰਗਟਾਵੇ ਕਰ ਕੇ ਇਤਿਹਾਸਕ ਕੰਮ ਕੀਤਾ

Harjinder Singh Majhi

ਕੋਟਕਪੂਰਾ : ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸਬੰਧੀ ਉਠੇ ਸਵਾਲਾਂ ਦੇ ਹੱਲ ਅਤੇ ਦੋਸ਼ੀਆਂ ਦੀ ਤਫ਼ਤੀਸ਼ ਕਰ ਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਣ ਲਈ ਹਾਈ ਪਾਵਰ ਕਮੇਟੀ ਦੇ ਕੀਤੇ ਜਾਣ ਵਾਲੇ ਗਠਨ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁਖੀ 'ਦਰਬਾਰ-ਇ-ਖ਼ਾਲਸਾ' ਨੇ ਕਿਹਾ ਕਿ ਇਹ ਪਾਵਰ ਕਮੇਟੀ ਸਿਰਫ਼ ਤੇ ਸਿਰਫ਼ ਸਿੱਖ ਕੌਮ ਦੀਆਂ ਅੱਖਾਂ 'ਚ ਘੱਟਾ ਪਾਉਣ ਅਤੇ ਮਸਲੇ ਨੂੰ ਲਮਕਾਉਣ ਲਈ ਬਣਾਈ ਜਾ ਰਹੀ ਹੈ। 

'ਰੋਜ਼ਾਨਾ ਸਪੋਕਸਮੈਨ' ਨੂੰ ਨਿਊਜ਼ੀਲੈਂਡ ਤੋਂ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ 'ਚ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸਬੰਧੀ ਜਦੋਂ ਸਾਲ 2000 'ਚ ਮਸਲਾ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਅਵਤਾਰ ਸਿੰਘ ਮੱਕੜ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਹੁੰਦਿਆਂ ਵੀ ਇਕ ਸਬ-ਕਮੇਟੀ ਦਾ ਗਠਨ ਹੋਇਆ ਸੀ ਜਿਸ ਦੀ ਅਜੇ ਤਕ ਕੋਈ ਵੀ ਰੀਪੋਰਟ ਜਨਤਕ ਨਹੀਂ ਕੀਤੀ ਗਈ। ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਨਿਯੁਕਤ ਕੀਤੀਆਂ ਜਾਂਦੀਆਂ ਜਾਂਚ ਕਮੇਟੀਆਂ ਦੀਆਂ ਨਵੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਤਰਨਤਾਰਨ ਸਾਹਿਬ ਵਿਖੇ ਦਰਸ਼ਨੀ ਡਿਉਢੀ ਢਾਹੁਣ ਵਾਲਿਆਂ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਵਰਤ ਕੇ 46 ਵਿਅਕਤੀਆਂ ਤੋਂ ਨੌਕਰੀ ਦੇਣ ਦਾ ਝਾਂਸਾ ਦੇ ਕੇ ਠੱਗੇ ਗਏ 44 ਲੱਖ ਰੁਪਏ ਦੀ ਜਾਂਚ-ਪੜਤਾਲ ਲਈ ਬਣੀਆਂ ਜਾਂਚ- ਕਮੇਟੀਆਂ ਨੇ ਵੀ ਕੋਈ ਅਮਲੀ ਤੌਰ 'ਤੇ ਕੰਮ ਨਹੀਂ ਕੀਤਾ।

ਭਾਈ ਮਾਝੀ ਨੇ ਕਿਹਾ ਕਿ ਰੈਫ਼ਰੈਂਸ ਲਾਇਬ੍ਰੇਰੀ ਦਾ ਜੋ ਖ਼ਜ਼ਾਨਾ ਅਜੇ ਤਕ ਭਾਰਤ ਸਰਕਾਰ ਵਲੋਂ ਵਾਪਸ ਨਹੀਂ ਕੀਤਾ ਗਿਆ, ਉਸ ਨੂੰ ਵਾਪਸ ਕਰਵਾਉਣ ਲਈ ਤਤਪਰ ਹੋਣ ਦੀ ਥਾਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਵਾਪਸ ਹੋਏ ਦਸਤਾਵੇਜ਼ਾਂ ਸਬੰਧੀ ਵੀ ਅਪਣੀ ਸਥਿਤੀ ਸਪੱਸ਼ਟ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ 'ਤੇ ਵੀ ਇਤਿਹਾਸਕ ਦਸਤਾਵੇਜ਼ਾਂ ਨੂੰ ਵੇਚਣ ਦੇ ਲੱਗੇ ਦੋਸ਼ਾਂ ਦੀ ਜਾਂਚ ਵੀ ਸ਼੍ਰੋਮਣੀ ਕਮੇਟੀ ਖ਼ੁਦ ਹੀ ਕਰੇ, ਇਹ ਸਿੱਖ ਕੌਮ ਨਾਲ ਵੱਡਾ ਮਜ਼ਾਕ ਹੈ।

ਭਾਈ ਮਾਝੀ ਨੇ 'ਰੋਜ਼ਾਨਾ ਸਪੋਕਸਮੈਨ' ਵਲੋਂ ਇਸ ਮਸਲੇ 'ਤੇ ਬੇਬਾਕੀ ਨਾਲ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਥ ਦੇ ਅਖੌਤੀ ਠੇਕੇਦਾਰਾਂ ਵਲੋਂ ਅਪਣੇ ਨਿਵੇਕਲੇ ਪੰਥ ਵਿਚੋਂ ਛੇਕੇ ਗਏ ਸਪੋਕਸਮੈਨ ਨੇ ਵੱਡੇ ਪ੍ਰਗਟਾਵੇ ਕਰ ਕੇ ਇਤਿਹਾਸਕ ਕੰਮ ਕੀਤਾ ਹੈ ਜਿਸ ਦੀ ਦੁਨੀਆਂ ਦੇ ਕੋਨੇ-ਕੋਨੇ 'ਚ ਚਰਚਾ ਹੋ ਰਹੀ ਹੈ।