SGPC ਦੀ ਗੁੰਡਾਗਰਦੀ! ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ 'ਤੇ ਵਰ੍ਹਾਈਆਂ ਲੱਤਾਂ-ਡਾਂਗਾਂ!

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼ਾਂਤਮਈ ਢੰਗ ਨਾਲ ਚੱਲ ਰਹੇ ਇਸ ਮੋਰਚੇ 'ਤੇ ਬੈਠੀ ਸਿੱਖ ਸੰਗਤ ਨੂੰ ਖਦੇੜਨ ਲਈ ਟਾਸਕ ਫੋਰਸ ਵਲੋਂ ਆਪਣੀ ਸ਼ਕਤੀ ਦੀ ਵਰਤੋਂ ਕੀਤੀ ਗਈ।

Sikhs Protest Outside SGPC Office

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਮੋਰਚਾ ਲਗਾਇਆ ਗਿਆ ਹੈ। ਅੱਜ ਇਸ ਮੋਰਚੇ ਦਾ ਦੂਜਾ ਦਿਨ ਸੀ। ਇਸ ਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਸਾਹਮਣੇ ਪੰਜਾਬ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਸਿੱਖ ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗ਼ਾਇਬ ਹੋਏ ਸਰੂਪਾਂ ਦੇ ਮਸਲੇ ਨੂੰ ਲੈ ਕੇ ਦੋਸ਼ੀ ਪਾਏ ਗਏ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।

ਸ਼ਾਂਤਮਈ ਢੰਗ ਨਾਲ ਚੱਲ ਰਹੇ ਇਸ ਮੋਰਚੇ 'ਤੇ ਬੈਠੀ ਸਿੱਖ ਸੰਗਤ ਨੂੰ ਖਦੇੜਨ ਲਈ ਟਾਸਕ ਫੋਰਸ ਵਲੋਂ ਆਪਣੀ ਸ਼ਕਤੀ ਦੀ ਵਰਤੋਂ ਕੀਤੀ ਗਈ। ਟਾਸਕ ਫੋਰਸ ਵੱਲੋਂ ਸਿੱਖ ਸੰਗਤਾਂ ਨੂੰ ਧੱਕੇ ਨਾਲ ਉਸ ਜਗ੍ਹਾ ਤੋਂ ਉਠਾਇਆ ਗਿਆ ਅਤੇ ਸਿੱਖ ਸੰਗਤਾਂ ਦੀ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਵੀ ਟਾਸਕ ਫੋਰਸ ਨੇ ਕੁੱਟਮਾਰ ਕੀਤੀ। ਐਸਜੀਪੀਸੀ ਵੱਲੋਂ ਦਫ਼ਤਰ ਵੱਲ ਜਾ ਰਹੇ ਰਸਤੇ ਨੂੰ ਵੀ ਬੰਦ ਕਰ ਦਿੱਤਾ ਗਿਆ। ਇਸ ਘਟਨਾ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ।  

ਇਸ ਘਟਨਾ ਤੋਂ ਬਾਅਦ ਵੀ ਭਾਰੀ ਗਿਣਤੀ ਵਿਚ ਸਿੱਖਾਂ ਵੱਲੋਂ ਮੋਰਚਾ ਜਾਰੀ ਰੱਖਿਆ ਗਿਆ। ਮੋਰਚੇ ਵਿਚ ਹਿੱਸਾ ਲੈ ਰਹੇ ਸਿੱਖਾਂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਕੱਲ ਤੋਂ ਹੀ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਉਹਨਾਂ ਨੇ ਇਸ ਦੌਰਾਨ ਕੋਈ ਬਦਮਾਸ਼ੀ ਨਹੀਂ ਕੀਤੀ ਪਰ ਇਸ ਦੇ ਬਾਵਜੂਦ ਵੀ ਐਸਜੀਪੀਸੀ ਨੇ ਬੈਰੀਕੇਡ ਲਗਾ ਦਿੱਤੇ। ਹਰਪ੍ਰੀਤ ਸਿੰਘ ਮੱਖੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਪੂਰਾ ਹੱਕ ਹੈ।

ਉਹਨਾਂ ਕਿਹਾ ਇਹ ਬੈਰੀਕੇਡ ਇਹਨਾਂ ਨੇ ਨਹੀਂ ਲਗਾਏ ਬਲਕਿ ਲੋਕਾਂ ਨੇ ਇਹਨਾਂ ਲਈ ਲਗਾਏ ਹਨ, ਉਹਨਾਂ ਦਾ ਕਹਿਣਾ ਹੈ ਕਿ ਕੌਮ ਇਹਨਾਂ ਦਾ ਘਰਾਂ ਵਿਚੋਂ ਨਿਕਲਣਾ ਮੁਸ਼ਕਿਲ ਕਰ ਦੇਵੇਗੀ। ਸਿੱਖਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ 328 ਸਰੂਪਾਂ ਦੇ ਗੁੰਮ ਹੋਣ ਸਬੰਧੀ ਜਵਾਬ ਚਾਹੀਦਾ ਹੈ, ਜੇਕਰ ਐਸਜੀਪੀਸੀ ਅਜਿਹਾ ਨਹੀਂ ਕਰਦੀ ਤਾਂ ਉਹ ਉਹਨਾਂ ਨੂੰ ਨਹੀਂ ਬਖ਼ਸ਼ਣਗੇ। ਉਹਨਾਂ ਦੱਸਿਆ ਕਿ ਐਸਜੀਪੀਸੀ ਨੇ ਪੁਲਸ ਦਾ ਕੰਮ ਬੰਦੂਕਾਂ, ਕਿਰਪਾਨਾਂ ਅਤੇ ਲਾਠੀਆਂ ਚਲਾ ਕੇ ਆਪ ਹੀ ਕਰ ਦਿੱਤਾ ਅਤੇ ਬਾਅਦ ਵਿਚ ਮਾਫੀ ਮੰਗਣ ਦੀ ਗੱਲ ਕੀਤੀ।

ਦੱਸ ਦਈਏ ਇਸ ਮੋਰਚੇ ਦੌਰਾਨ ਸਿੱਖ ਸੰਗਤਾਂ ਨਾਲ ਕਾਫ਼ੀ ਕੁੱਟਮਾਰ ਕੀਤੀ ਗਈ। ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਨਾਲ ਮਾੜਾ ਵਰਤਾਅ ਕੀਤਾ ਗਿਆ ਅਤੇ ਉਹਨਾਂ 'ਤੇ ਲੱਤਾਂ ਅਤੇ ਡਾਂਗਾ ਵਰ੍ਹਾਈਆਂ ਗਈਆਂ। ਸਿੱਖਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਹ ਸਭ ਕੁਝ ਯੋਜਨਾ ਬਣਾ ਕੇ ਕੀਤਾ ਹੈ ਤੇ ਉਹ ਸਿੱਖਾਂ ਦੀ ਅਵਾਜ਼ ਦੱਬਣਾ ਚਾਹੁੰਦੇ ਹਨ।

ਮੋਰਚੇ ਵਿਚ ਸ਼ਾਮਲ ਸਿੱਖਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇਕ ਸੰਸਥਾ ਹੈ, ਜਿਸ ਦਾ ਕੰਮ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਨਾ ਅਤੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਕਰਨਾ ਹੈ। ਪਰ ਅੱਜ ਸਿੱਖ ਸੰਗਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਕੋਲ ਇਕ ਸਵਾਲ ਲੈ ਕੇ ਆਈਆਂ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਕਿਸ ਦੇ ਕਹਿਣ ‘ਤੇ ਅਤੇ ਕਿੱਥੇ ਭੇਜੇ ਗਏ।