ਮੋਹਨ ਭਾਗਵਤ ਨਾ ਭੁੱਲਣ ਕਿ ਸਿੱਖ ਵੀ ਇਕ ਵਖਰੀ ਅਤੇ ਸੰਪੂਰਨ ਕੌਮ ਹੈ : ਹਰਨਾਮ ਸਿੰਘ ਖ਼ਾਲਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਭਾਰਤ ਨਾ ਇਕ ਹਿੰਦੂ ਰਾਸ਼ਟਰ ਹੈ ਅਤੇ ਨਾ ਹੀ ਇਥੋਂ ਦੇ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ। 

Harnam Singh Khalsa

ਅੰਮਿ੍ਰਤਸਰ : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਸੰਘ ਦੇ ਵੱਡੇ ਆਗੂਆਂ ਦਾ ਭਾਰਤੀ ਰਾਸ਼ਟਰੀ ਪਛਾਣ ਪ੍ਰਤੀ ਬੇਲੋੜਾ ਵਿਵਾਦ ਛੇੜਨਾ ਅਤੇ ਦੇਸ਼ ਨੂੰ ਕਿਸੇ ਵੀ ਵਿਸ਼ੇਸ਼ ਵਿਸ਼ਵਾਸ ਜਾਂ ਜਾਤੀ ਸਭਿਆਚਾਰ ਨਾਲ ਜੋੜਿਆ ਜਾਣਾ ਰਾਸ਼ਟਰ ਦੇ ਹਿਤ ਵਿਚ ਨਹੀਂ ਹੋਵੇਗਾ।

ਦਮਦਮੀ ਟਕਸਾਲ ਦੇ ਮੁਖੀ ਮੁੰਬਈ ਦੇ ਗੁਰੂ ਨਾਨਕ ਖ਼ਾਲਸਾ ਕਾਲਜ, ਮਟੂੰਗਾ ਵਿਖੇ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ 50 ਸਾਲਾ ਸਥਾਪਨਾ ਨੂੰ ਸਮਰਪਿਤ ਕਰਾਏ ਜਾ ਰਹੇ ਚੌਥਾ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਭਾਰਤ ਨੂੰ ਹਿੰਦੂ ਰਾਸ਼ਟਰ ਕਰਾਰ ਦੇਣ ਲਈ ਸੰਘ ਮੁਖੀ ਮੋਹਨ ਭਾਗਵਤ ਨੂੰ ਆੜੇ ਹੱਥੀਂ ਲਿਆ ਤੇ ਕਿਹਾ ਕਿ ਉਕਤ ਫ਼ਿਰਕਾਪ੍ਰਸਤੀ ਸੋਚ ਪਿੱਛੇ ਜਾਤੀ ਵਿਸ਼ੇਸ਼ ਦਾ ਕੋਈ ਏਜੰਡਾ ਜਾਂ ਉਮੰਗ ਛੁਪੀ ਹੋਈ ਹੈ ਤਾਂ ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਵੀ ਇਕ ਮੁਕੰਮਲ ਤੇ ਵਖਰੀ ਕੌਮ ਹੈ, ਜਿਸ ਦੀਆਂ ਭਾਵਨਾਵਾਂ, ਵਿਸ਼ਵਾਸ ਅਤੇ ਅਕੰਖਿਆਵਾਂ ਨੂੰ ਦਰਕਿਨਾਰ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਨਾ ਇਕ ਹਿੰਦੂ ਰਾਸ਼ਟਰ ਹੈ ਅਤੇ ਨਾ ਹੀ ਇਥੋਂ ਦੇ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ।