ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਨੇ ਭਾਜਪਾ ਦਾ ਮੁਕੰਮਲ ਤੌਰ 'ਤੇ ਬਾਈਕਾਟ ਦਾ ਫ਼ੈਸਲਾ ਲਿਆ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਮਨੋਹਰ ਲਾਲ ਖੱਟਰ ਨੇ ਡਾਚਰ ਮਾਮਲੇ ਵਿਚ ਹਾਲੇ ਤਕ ਮਾਫ਼ੀ ਨਹੀਂ ਮੰਗੀ ਤੇ ਨਾ ਹੀ ਸਿੱਖਾਂ ਦੀ ਭਲਾਈ ਲਈ ਕੋਈ ਕੰਮ ਕੀਤਾ

HSGMC

ਕਰਨਾਲ : ਅੱਜ ਕਰਨਾਲ ਦੇ ਗੁ. ਲੰਗਰ ਮਾਤਾ ਸਾਹਿਬ ਦੇਵਾ ਬਾਈਪਾਸ ਵਿਖੇ ਹਰਿਆਣਾ ਸਿੱਖ ਗੁ. ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵਲੋਂ ਵਿਸ਼ੇਸ਼ ਮੀਟਿਗ ਕਮੇਟੀ ਦੇ ਜੁਆਇੰਟ ਸਕੱਤਰ ਸ. ਕਰਨੈਲ ਸਿੰਘ ਨਿਮਨਾਬਾਦ ਵਾਲਿਆਂ ਦੀ ਪ੍ਰਧਾਨਗੀ ਵਿਚ ਹੋਈ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਲੀਗਲ ਸੈੱਲ ਦੇ ਚੇਅਰਮੈਨ ਸ. ਚਰਨਜੀਤ ਸਿੰਘ ਖੁਰਾਣਾ ਪਹੁੰਚੇ। ਜਿਨ੍ਹਾਂ ਨੇ ਸਾਰੇ ਮੈਂਬਰਾਂ ਨਾਲ ਵਿਚਾਰ ਕਰ ਕੇ ਹਰਿਆਣਾ ਵਿਚ ਭਾਜਪਾ ਦਾ ਮੁਕੰਮਲ ਤੌਰ 'ਤੇ ਬਾਈਕਾਟ ਕਰਨ ਦਾ ਫ਼ੈਸਲਾ ਲਿਆ।

ਇਸ ਮੌਕੇ ਚਰਨਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਸਾਨੂੰ ਇਹ ਫ਼ੈਸਲਾ ਇਸ ਲਈ ਲੈਣਾ ਪਿਆ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਡਾਚਰ ਮਾਮਲੇ ਵਿਚ ਹਾਲੇ ਤਕ ਮਾਫ਼ੀ ਨਹੀਂ ਮੰਗੀ ਤੇ ਨਾ ਹੀ ਸਿੱਖਾਂ ਦੀ ਭਲਾਈ ਲਈ ਕੋਈ ਕੰਮ ਕੀਤਾ ਹੈ। ਦੂਜਾ ਕਾਰਨ ਇਹ ਹੈ ਕਿ ਅਕਾਲੀ ਦਲ ਬਾਦਲ ਨੇ ਹਮੇਸ਼ਾ ਹੀ ਸਿੱਖੀ ਦਾ ਘਾਣ ਕੀਤਾ ਹੈ ਅਤੇ ਬਾਦਲ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸੀ ਹੈ ਜਿਸ ਨੇ ਬਿਨਾਂ ਕਿਸੇ ਸ਼ਰਤ ਦੇ ਭਾਜਪਾ ਨੂੰ ਸਮਰਥਨ ਦੇ ਕੇ ਹਰਿਆਣਾ ਦੇ ਸਿੱਖਾਂ ਨਾਲ ਇਕ ਵਾਰ ਫਿਰ ਵਿਸ਼ਵਾਸਘਾਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਸੱਭ ਮੈਂਬਰਾਂ ਦੀ ਸਲਾਹ ਨਾਲ ਇਹ ਮਤਾ ਵੀ ਪਾਸ ਕੀਤਾ ਗਿਆ ਹੈ ਜਿਸ ਸਮੇਂ ਤੋਂ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਬੀਮਾਰ ਚਲ ਰਹੇ ਹਨ ਜੋ ਅਪਣੇ ਆਪ ਚੱਲਣ ਵਿਚ ਵੀ ਅਸਮਰਥ ਹਨ ਉਨ੍ਹਾਂ ਨੂੰ ਕਮੇਟੀ ਦੇ ਕੁੱਝ ਸਵਾਰਥੀ ਨੇਤਾਵਾਂ ਵਲੋਂ ਗੁੰਮਰਾਹ ਕਰ ਕੇ ਕਈ ਅਸੰਵਿਧਾਨਕ ਫ਼ੈਸਲੇ ਲਏ ਹੋਏ ਹਨ ਉਨ੍ਹਾਂ ਨੂੰ ਕਮੇਟੀ ਰੱਦ ਕਰਦੀ ਹੈ ਤੇ ਲਏ ਗਏ ਫ਼ੈਸਲੇ ਸਿਰੇ ਤੋਂ ਖਾਰਜ਼ ਕੀਤੇ ਜਾਂਦੇ ਹਨ। ਇਸ ਮੌਕੇ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਦੇ ਸਿਰਸਾ ਤੋਂ ਮਂੈਬਰ ਜਸਬੀਰ ਸਿੰਘ ਭਾਟੀ, ਅੰਬਾਲਾ ਤੋਂ ਹਰਪਾਲ ਸਿੰਘ ਪਾਲੀ, ਜੀਂਦ ਤੋਂ ਨਿਰਵੈਰ ਸਿੰਘ, ਕੁਰੂਕਸ਼ੇਤਰ ਤੋਂ ਆਪਰ ਸਿੰਘ ਕਿਸ਼ਨਗੜ੍ਹ, ਸਿਰਸਾ ਤੋਂ ਗੁਰਚਰਨ ਸਿੰਘ ਚੀਮੋ, ਜੀਤ ਸਿੰਘ ਖ਼ਾਲਸਾ ਆਦਿ ਮੈਂਬਰ ਹਾਜ਼ਰ ਸਨ।