ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ 'ਚ ਲਏ ਗਏ ਅਹਿਮ ਫ਼ੈਸਲੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਲੋਕ ਸਭਾ ਚੋਣਾਂ ਦੌਰਾਨ ਧਾਰਮਕ ਤੇ ਰਾਜਨੀਤਕ ਵਿਤਕਰਾ ਕਰਨ ਵਾਲੇ ਸਿਆਸੀ ਦਲਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇ

Pic-6

ਸਿਰਸਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਸਾ ਜ਼ਿਲ੍ਹਾ ਦੀ ਇਕਾਈ ਵਲੋਂ ਪੰਜਾਬ ਪੈਲੇਸ ਵਿਚ ਇਕ ਅਹਿਮ ਮੀਟਿੰਗ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਸ. ਮਾਲਕ ਸਿੰਘ ਭਾਵਦੀਨ ਨੇ ਕੀਤੀ। ਕਮੇਟੀ ਦੇ ਲੀਗਲ ਸੈੱਲ ਦੇ ਮੁਖੀ ਸ. ਚੰਨਦੀਪ ਸਿੰਘ ਖੁਰਾਣਾ ਨੇ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸਰਵਉਚ ਅਦਾਲਤ ਵਿਚ ਚਲ ਰਹੇ ਕਮੇਟੀ ਦੇ ਕੇਸ ਬਾਰੇ ਹੁਣ ਤਕ ਹੋਈ ਕਾਰਵਾਈ 'ਤੇ ਵਿਸਥਾਰ ਨਾਲ ਚਾਨਣਾ ਪਾਇਆ।

ਮੀਟਿੰਗ ਵਿਚ ਹਰਿਆਣਾ ਪ੍ਰਦੇਸ਼ ਵਿਚ ਵਸਦੇ ਸਿੱਖਾਂ ਨਾਲ ਪੈਰ ਪੈਰ ਤੇ ਹੋ ਰਹੇ ਵਿਤਕਰੇ ਬਾਬਤ ਬੜੀ ਗਹਿਰਾਈ ਨਾਲ ਅਤੇ ਨਿੱਠ ਕੇ ਵਿਚਾਰਾਂ ਕੀਤੀਆਂ ਗਈਆਂ। ਸਾਰੇ ਬੁਲਾਰਿਆਂ ਨੇ ਇਕਮਤ ਨਾਲ ਫ਼ੈਸਲਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਸਿੱਖ ਸਮਾਜ ਨਾਲ ਧਾਰਮਕ, ਸਮਾਜਕ ਅਤੇ ਰਾਜਨੀਤਕ ਵਿਤਕਰਾ ਕਰਨ ਵਾਲੇ ਸਿਆਸੀ ਦਲਾਂ ਦਾ ਡਟ ਕੇ ਵਿਰੋਧ ਕੀਤਾ ਜਾਵੇ। ਉਨ੍ਹਾਂ ਕਿਹਾ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਜੋ ਕਿ 2014 ਵਿਚ ਕਾਨੂੰਨਨ ਤੌਰ 'ਤੇ ਸਥਾਪਤ ਹੋ ਚੁਕੀ ਹੈ, ਉਸ ਕਾਨੂੰਨ ਵਿਰੁਧ ਕਾਰਵਾਈਆਂ ਕਰਨ ਵਾਲੇ ਸ਼ਾਸਕ ਦਲਾਂ ਨੂੰ ਸਬਕ ਸਿਖਾਉਣ ਲਈ ਸਿੱਖ ਸਮਾਜ ਨੂੰ ਇਕਮੁਠ ਹੋਣ ਲਈ ਅਪੀਲ ਕੀਤੀ ਗਈ।

ਬੁਲਾਰਿਆਂ ਨੇ ਇੰਕਸਾਫ਼ ਕੀਤਾ ਕਿ ਹਰਿਆਣੇ ਦੇ ਵਿਕਾਸ ਵਿਚ ਸਿੱਖ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਰਾਜਨੀਤਕ ਅਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਸਿੱਖਾਂ ਨੂੰ ਬਿਲਕੁਲ ਹੀ ਅਣਗੌਲਿਆਂ ਕਰ ਦਿਤਾ ਜਾਂਦਾ ਹੈ। ਇਸ ਮੌਕੇ ਇਸ ਇਲਾਕੇ ਦੇ ਗੱਭਰੂ ਸ. ਸੁਮਿੱਤ ਸਿੰਘ ਸੰਨੀ ਜੋ ਕਿ ਏਸ਼ੀਆ ਕੱਪ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ਵਿਚ ਤਮਗ਼ਾ ਹਾਸਲ ਕਰ ਕੇ ਸਿੱਖ ਸਮਾਜ ਦਾ ਅਤੇ ਇਲਾਕੇ ਦਾ ਸਿਰ ਉੱਚਾ ਕੀਤਾ, ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ। ਮੁੱਖ ਬੁਲਾਰਿਆਂ ਵਿਚ ਸ. ਜੀਤ ਸਿੰਘ ਖ਼ਾਲਸਾ, ਸ. ਹਰਭਜਨ ਸਿੰਘ ਪਤਲੀ, ਸ. ਸੁਖਚੈਨ ਸਿੰਘ ਭੰਬੂਰ, ਮਾ. ਬਲਵਿੰਦਰ ਸਿੰਘ ਥੇੜ੍ਹੀ, ਗਿਆਨੀ ਕਰਨੈਲ ਸਿੰਘ, ਸ. ਜਸਵੀਰ ਸਿੰਘ ਭਾਟੀ ਅਤੇ ਸ. ਕਰਨੈਲ ਸਿੰਘ ਸੀਨੀਅਰ ਪੱਤਰਕਾਰ ਸ਼ਾਮਲ ਸਨ। ਮੰਚ ਸੰਚਾਲਨ ਸ. ਸੁਖਦੇਵ ਸਿੰਘ ਨੇ ਬਾਖੂਬੀ ਨਿਭਾਇਆ।