ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ 'ਚ ਸਿੱਖ ਜਥੇਬੰਦੀਆਂ ਨੇ ਸੌਂਪਿਆ ਮੰਗ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਯਾਤਰਾ ਦੌਰਾਨ ਇਕੱਤਰ ਇਕ ਲੱਖ ਡਾਲਰ ਦੀ ਰਾਸ਼ੀ 'ਖ਼ਾਲਸਾ ਏਡ' ਨੂੰ ਕੀਤੀ ਭੇਂਟ

Sikh organizations give memorandum

ਅੰਮ੍ਰਿਤਸਰ : ਬੇਅਦਬੀ ਕਾਂਡ ਵਿਚ ਸੀ.ਬੀ.ਆਈ ਵਲੋਂ ਦੋਸ਼ੀ ਡੇਰਾ ਪ੍ਰੇਮੀਆਂ ਨੂੰ ਕਲੀਨਚਿਟ ਦੇਣ ਦੇ ਮਾਮਲੇ ਵਿਚ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਅੱਜ ਇਕ ਮੰਗ ਪੱਤਰ ਗ੍ਰਹਿ ਵਿਭਾਗ ਭਾਰਤ ਸਰਕਾਰ ਨੂੰ ਜ਼ਿਲ੍ਹਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਭੇਜਿਆ। ਭਾਈ ਸੁਰਿੰਦਰ ਪਾਲ ਸਿੰਘ ਤਾਲਬਪੁਰਾ ਜਨਰਲ ਸਕੱਤਰ ਅਕਾਲ ਖ਼ਾਲਸਾ ਦਲ, ਭਾਈ ਪੰਜਾਬ ਸਿੰਘ ਜੱਥਾ ਹਿੰਮਤ-ਏ-ਖ਼ਾਲਸਾ, ਭਾਈ ਬਲਬੀਰ ਸਿੰਘ ਕਠਿਆਲੀ ਦੀ ਅਗਵਾਈ ਵਿਚ ਦਿਤਾ ਮੰਗ ਪੱਤਰ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਨੇ ਪ੍ਰਾਪਤ ਕੀਤਾ।

ਜਥੇਬੰਦੀਆਂ ਨੇ ਮੰਗ ਪੱਤਰ ਵਿਚ ਲਿਖਿਆ ਕਿ “ਹਰ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸੱਭ ਤੋਂ ਉਪਰ ਹੈ।'' 1 ਜੂਨ 2015 ਤੋਂ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬ ਦੀ ਬੇਅਦਬੀਆਂ ਦੀਆਂ ਨਿਰੰਤਰ ਘਟਨਾਵਾਂ ਵਾਪਰੀਆਂ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਕਰ ਕੇ, ਉਨ੍ਹਾਂ ਦੇ ਅੰਗਾਂ ਦਾ ਕਤਲੇਆਮ ਕਰਨ ਉਪਰੰਤ ਬਰਗਾੜੀ ਦੀਆਂ ਗਲੀਆਂ-ਨਾਲੀਆਂ 'ਚ ਰੋਲਿਆ ਗਿਆ। ਹੁਣ ਹਰਿਆਣਾ ਦੀਆਂ ਚੋਣਾਂ ਕਾਰਨ ਸੌਦਾ ਸਾਧ ਦੀਆਂ ਵੋਟਾਂ ਲਈ ਸੀ.ਬੀ.ਆਈ ਨੇ ਡੇਰਾ ਸਿਰਸਾ ਦੇ ਦੋਸ਼ੀ ਪ੍ਰੇਮੀਆਂ ਨੂੰ ਕਲੀਨਚਿੱਟ ਦੇ ਕੇ ਸੀ ਬੀ ਆਈ ਅਦਾਲਤ ਨੂੰ ਕੇਸ ਬੰਦ ਕਰਨ ਦੀ ਬੇਨਤੀ ਕੀਤੀ ਹੈ।

ਸਰਕਾਰ ਤੇ ਸੀ ਬੀ ਆਈ ਦੀ ਇਸ ਕਾਰਵਾਈ ਨੇ ਸਿੱਖ ਸੰਗਤਾਂ ਦੇ ਹਿਰਦੇ ਇਕ ਵਾਰ ਫਿਰ ਵਲੂੰਧਰ ਦਿਤੇ ਹਨ। ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨਸਾਫ਼ ਦੀ ਰਾਖੀ ਲਈ, ਸਿੱਖਾਂ ਨੂੰ ਬੇਅਦਬੀ ਕਾਂਡ ਦਾ ਇਨਸਾਫ਼ ਦੇਣ ਲਈ ਆਪ ਜੀ ਜਾਂਚ ਬਿਊਰੋ ਨੂੰ ਕਲੀਨ ਚਿੱਟ ਵਾਪਸ ਲੈਣ ਦੇ ਹੁਕਮ ਜਾਰੀ ਕਰੋਗੇ। ਜਥੇਬੰਦੀਆਂ ਨੇ ਤਾੜਨਾ ਕੀਤੀ ਹੈ ਕਿ ਜੇ ਡੇਰਾ ਸਿਰਸਾ ਨੂੰ ਦਿਤੀ ਕਲੀਨਚਿਟ ਵਾਪਸ ਨਾ ਲਈ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਮੰਗ ਪੱਤਰ ਦੇਣ ਵਾਲਿਆਂ 'ਚ   ਕੁਲਦੀਪ ਸਿੰਘ ਰਾਮਪੁਰਾ, ਨਰਿੰਦਰ ਸਿੰਘ ਲੱਸ਼ਕਰੀ ਨੰਗਲ, ਅਵਤਾਰ ਸਿੰਘ, ਵਰਿੰਦਰ ਸਿੰਘ ਵੀ ਸ਼ਾਮਲ ਸਨ।