ਸ਼੍ਰੋਮਣੀ ਕਮੇਟੀ ਨੇ ਲੰਗਰਾਂ ਲਈ ਬਾਲਣ ਦੀ ਖ਼ਰੀਦ ਸਬੰਧੀ ਕੀਤਾ ਸਪੱਸ਼ਟ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਬਾਲਣ ਮਾੜਾ ਹੋਣ ਸਬੰਧੀ ਪੁੱਜੀ ਸ਼ਿਕਾਇਤ ਦੀ ਸ਼੍ਰੋਮਣੀ ਕਮੇਟੀ ਦੇ ਫ਼ਲਾਇੰਗ ਵਿਭਾਗ ਵਲੋਂ ਪੜਤਾਲ ਕੀਤੀ ਜਾ ਰਹੀ ਹੈ

SGPC

ਅੰਮ੍ਰਿਤਸਰ : ਗੁਰੂ ਘਰ ਦੇ ਲੰਗਰਾਂ ਦੇ ਬਾਲਣ ਦੀ ਖ਼ਰੀਦ ਵਿਚ ਹੋ ਰਹੇ ਘਪਲੇ ਦੀ ਖ਼ਬਰ ਪੰਥ ਦੀ ਆਵਾਜ਼ ਰੋਜ਼ਾਨਾ ਸਪੋਕਸਮੈਨ ਵਿਚ ਪ੍ਰਕਾਸ਼ਤ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਗਲਿਆਰਿਆਂ ਵਿਚ ਹਲਚਲ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਇਸ ਮਾਮਲੇ 'ਤੇ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਲੱਕੜ ਬਾਲਣ ਦੇ ਟੈਂਡਰ ਹਰ ਸਾਲ ਸ਼ਰਤਾਂ ਸਹਿਤ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਸ਼ਰਤਾਂ ਤਹਿਤ ਹੀ ਬਾਲਣ ਦੀ ਸਪਲਾਈ ਲਈ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਗੁਰਦਵਾਰਾ ਸਾਹਿਬਾਨ ਲਈ ਇਸ ਸਾਲ ਕੀਤੇ ਗਏ ਟੈਂਡਰ ਮਗਰੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਗੁਰਦਵਾਰਾ ਬੀੜ ਬਾਬਾ ਬੁੱਢਾ ਸਾਹਿਬ ਝਬਾਲ ਸਮੇਤ ਹੋਰ ਗੁਰਦਵਾਰਾ ਸਾਹਿਬਾਨ ਲਈ ਬਾਲਣ ਮੰਗਵਾਇਆ ਗਿਆ ਹੈ ਜਿਸ ਵਿਚ ਤਹਿ ਸ਼ਰਤਾਂ ਅਨੁਸਾਰ ਬਾਲਣ ਦੀ ਕੁਆਲਟੀ ਮੁਤਾਬਕ ਬਿੱਲ ਦੀ ਕਟੌਤੀ ਕੀਤੀ ਗਈ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਬਾਲਣ ਮਾੜਾ ਹੋਣ ਸਬੰਧੀ ਪੁੱਜੀ ਸ਼ਿਕਾਇਤ ਦੀ ਵੀ ਸ਼੍ਰੋਮਣੀ ਕਮੇਟੀ ਦੇ ਫ਼ਲਾਇੰਗ ਵਿਭਾਗ ਵਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੇਕਰ ਪੜਤਾਲ 'ਚ ਫ਼ਰਮ ਜਾਂ ਕਿਸੇ ਵੀ ਮੁਲਾਜ਼ਮ ਦੀ ਮਿਲੀਭੁਗਤ ਪਾਈ ਗਈ ਤਾਂ ਸਬੰਧਤਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਸ਼ਰਤਾਂ ਅਨੁਸਾਰ ਬਾਲਣ ਦੇ ਟੈਂਡਰ ਹੋਏ ਹਨ ਉਨ੍ਹਾਂ ਦਾ ਪਾਲਣ ਕਰਵਾਉਣਾ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਅਤੇ ਸ਼ਰਤਾਂ ਨੂੰ ਕਿਸੇ ਤਰ੍ਹਾਂ ਵੀ ਅਣਗੌਲਿਆਂ ਨਹੀਂ ਹੋਣ ਦਿਤਾ ਜਾਵੇਗਾ।