4 ਸਾਲਾ ਬੱਚੀ ਨੇ ਤਿੰਨ ਮਹੀਨੇ ’ਚ ਕੰਠ ਕੀਤੀ ਰਾਗ ਮਾਲਾ, ਬੋਲਣਾ ਸਿਖਿਆ ਤਾਂ ਸੱਭ ਤੋਂ ਪਹਿਲਾਂ ਮੂੰਹੋਂ ਨਿਕਲਿਆ ਸੀ ‘ਵਾਹਿਗੁਰੂ’

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਖੰਡ ਜੋਤ ਕੌਰ ਅੰਮ੍ਰਿਤ ਵੇਲੇ ਕਰਦੀ ਹੈ ਜਪੁਜੀ ਸਾਹਿਬ ਦੇ 5 ਪਾਠ

Akhandjot Kaur

 

ਲੁਧਿਆਣਾ: ਬਚਪਨ ਜੀਵਨ ਦੀ ਉਹ ਅਵਸਥਾ ਹੁੰਦੀ ਹੈ, ਜਿਸ ਵਿਚ ਬੱਚੇ ਅਪਣੀ ਆਉਣ ਵਾਲੀ ਜ਼ਿੰਦਗੀ ਦੀ ਨੀਂਹ ਬਣਾਉਂਦੇ ਹਨ। ਬੱਚੇ ਨੂੰ ਘਰ ਵਿਚ ਜਿਵੇਂ ਦਾ ਮਾਹੌਲ ਸਿਰਜ ਕੇ ਦਿਤਾ ਜਾਂਦਾ ਹੈ, ਉਸ ਦੀ ਸ਼ਖ਼ਸੀਅਤ ਉਸੇ ਤਰ੍ਹਾਂ ਦੀ ਬਣ ਜਾਂਦੀ ਹੈ। ਇਸ ਦੀ ਤਾਜ਼ਾ ਮਿਸਾਲ ਲੁਧਿਆਣਾ ਦੀ 4 ਸਾਲਾ ਬੱਚੀ ਨੇ ਦਿਤੀ ਹੈ। ਇਸ ਬੱਚੀ ਨੂੰ ਇੰਨੀ ਛੋਟੀ ਉਮਰ ਵਿਚ ਰਾਗ ਮਾਲਾ ਜ਼ੁਬਾਨੀ ਯਾਦ ਹੈ। ਪੱਖੋਵਾਲ ਰੋਡ ਵਿਕਾਸ ਨਗਰ ਦੀ ਰਹਿਣ ਵਾਲੀ ਅਖੰਡ ਜੋਤ ਕੌਰ ਦੇ ਮਾਤਾ-ਪਿਤਾ ਗੁਰਸਿੱਖ ਹਨ ਅਤੇ ਉਨ੍ਹਾਂ ਨੇ ਜਨਮ ਤੋਂ ਹੀ ਅਪਣੀ ਧੀ ਨੂੰ ਗੁਰਬਾਣੀ ਨਾਲ ਜੋੜਿਆ, ਇਹੀ ਕਾਰਨ ਹੈ ਕਿ ਅੱਜ ਅਖੰਡ ਜੋਤ ਕੌਰ ਸਿੱਖ ਵਿਦਵਾਨਾਂ ਨੂੰ ਰਾਗ ਮਾਲਾ ਸੁਣਾ ਰਹੀ ਹੈ।

ਇਹ ਵੀ ਪੜ੍ਹੋ: ਅਮਰੀਕਾ : ਓਕਲਾਹੋਮਾ ਸੂਬੇ 'ਚੋਂ ਮਿਲੀ ਭਾਰਤੀ ਮੂਲ ਦੀ ਲੜਕੀ ਦੀ ਲਾਸ਼

ਅਖੰਡ ਜੋਤ ਦੇ ਮਾਤਾ ਮਗਨਦੀਪ ਕੌਰ ਨੇ ਦਸਿਆ ਕਿ ਉਹ ਐਮ.ਏ.ਬੀ.ਐਡ. ਪਾਸ ਹਨ ਅਤੇ ਗ੍ਰੀਨਲੈਂਡ ਸਕੂਲ ਵਿਚ ਅਧਿਆਪਕਾ ਵਜੋਂ ਸੇਵਾਵਾਂ ਦੇ ਰਹੇ ਹਨ। ਅਖੰਡ ਜੋਤ ਦੇ ਪਿਤਾ ਵੀ ਇਸੇ ਸਕੂਲ ਵਿਚ ਅਧਿਆਪਕ ਹਨ। ਉਨ੍ਹਾਂ ਦਸਿਆ ਕਿ ਅਖੰਡ ਜੋਤ ਦਾ ਜਨਮ 2019 ਵਿਚ ਹੋਇਆ ਸੀ। ਉਸ ਦਿਨ ਤੋਂ ਉਹ ਰਾਤ ਨੂੰ ਸੌਣ ਵੇਲੇ ਵਾਹਿਗੁਰੂ ਸਿਮਰਨ ਦਾ ਜਾਪ ਕਰਦੇ ਸਨ। ਜਦ ਅਖੰਡ ਜੋਤ ਨੇ ਦੋ ਸਾਲ ਦੀ ਉਮਰ ਵਿਚ ਬੋਲਣਾ ਸਿਖਿਆ ਤਾਂ ਸਭ ਤੋਂ ਪਹਿਲਾਂ ਉਸ ਦੇ ਮੂੰਹੋਂ ‘ਵਾਹਿਗੁਰੂ’ ਸ਼ਬਦ ਨਿਕਲਿਆ। ਹੌਲੀ-ਹੌਲੀ ਉਸ ਨੂੰ ਮੂਲ ਮੰਤਰ ਅਤੇ ਪੰਜ ਪਉੜੀ ਦਾ ਪਾਠ ਸਿਖਾਇਆ। ਇਸ ਮਗਰੋਂ ਅਖੰਡ ਜੋਤ ਨੂੰ ਬਸੰਤ ਕੀ ਵਾਰ, ਗੁਰੂ ਰਾਮਦਾਸ ਜੀ ਦੇ ਸਵੱਈਏ ਕੰਠ ਕਰਵਾਏ।

ਇਹ ਵੀ ਪੜ੍ਹੋ: ਪੰਜਾਬ 'ਚ ਮਨਪਸੰਦ ਸਟੇਸ਼ਨ ਦੀ ਚੋਣ ਕਰ ਸਕਣਗੇ ਅਧਿਆਪਕ, ਸਿਖਿਆ ਵਿਭਾਗ ਨੇ ਮੰਗੀਆਂ ਅਰਜ਼ੀਆਂ

ਅਖੰਡ ਜੋਤ ਦੇ ਮਾਤਾ ਮਗਨਦੀਪ ਨੇ ਦਸਿਆ ਕਿ ਉਹ ਉਸ ਨੂੰ ਸਮਾਜ ਸੇਵੀ ਮਾਤਾ ਵਿਪਨਪ੍ਰੀਤ ਕੌਰ ਕੋਲ ਲੈ ਕੇ ਗਏ ਤੇ ਉਨ੍ਹਾਂ ਨੇ ਰੋਜ਼ਾਨਾ ਸਾਰੇ ਬੱਚਿਆਂ ਨਾਲ ਗੁਰਬਾਣੀ ਕੰਠ ਕਰਾਉਣਾ ਸ਼ੁਰੂ ਕਰ ਦਿਤਾ। ਉਸ ਨੂੰ ਰਾਗ ਮਾਲਾ ਸਿਖਾਉਣ ਵਿਚ ਤਿੰਨ ਮਹੀਨੇ ਲੱਗ ਗਏ। ਅਖੰਡ ਜੋਤ ਨੇ ਸੱਭ ਤੋਂ ਪਹਿਲਾਂ ਹਜ਼ੂਰ ਸਾਹਿਬ ਦੇ ਗਿਆਨੀ ਸਿੰਘ ਸਾਹਿਬ ਕੁਲਵੰਤ ਸਿੰਘ ਨੂੰ ਰਾਗ ਮਾਲਾ ਸੁਣਾਈ। ਉਹ ਹੈਰਾਨ ਰਹਿ ਗਏ ਅਤੇ ਉਨ੍ਹਾਂ ਅਖੰਡ ਜੋਤ ਨੂੰ ਪੰਜ ਸੌ ਰੁਪਏ ਇਨਾਮ ਵਜੋਂ ਦਿਤੇ।  

ਇਹ ਵੀ ਪੜ੍ਹੋ: ਹਰਿਆਣਾ 'ਚ NIA ਦੀ ਛਾਪੇਮਾਰੀ, ਗੈਂਗਸਟਰ ਲਾਰੈਂਸ, ਬਵਾਨਾ, ਕੌਸ਼ਲ ਨਾਲ ਜੁੜੇ ਲੋਕਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ

ਇਸ ਉਪਰੰਤ ਅਖੰਡ ਜੋਤ ਨੇ ਅਪਣੇ ਸਕੂਲ ਬੀਆਰਐਸ ਨਗਰ ਵਿਖੇ ਸਟੇਜ ’ਤੇ ਗੁਰਬਾਣੀ ਦਾ ਜਾਪ ਕੀਤਾ। ਜਦ ਵੀ ਕਿਸੇ ਗੁਰਦੁਆਰਾ ਸਾਹਿਬ ਵਿਚ ਸ਼ਬਦ ਗੁਰਬਾਣੀ ਮੁਕਾਬਲਾ ਕਰਵਾਇਆ ਜਾਂਦਾ ਹੈ ਤਾਂ ਅਖੰਡ ਜੋਤ ਵੀ ਭਾਗ ਲੈਂਦੀ ਹੈ। ਵਿਪਨਪ੍ਰੀਤ ਕੌਰ ਨੇ ਦਸਿਆ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਦੇ ਘਰ ਆਏ ਤਾਂ ਉਨ੍ਹਾਂ ਅਖੰਡ ਜੋਤ ਤੋਂ ਕੰਠ ਗੁਰਬਾਣੀ ਵੀ ਸੁਣੀ ਤੇ ਉਹ ਵੀ ਹੈਰਾਨ ਰਹਿ ਗਏ। ਅਖੰਡ ਜੋਤ ਦੇ ਮਾਤਾ ਨੇ ਦਸਿਆ ਕਿ ਉਹ ਹਰ ਰੋਜ਼ ਅੰਮ੍ਰਿਤ ਵੇਲੇ ਉਠ ਕੇ ਜਪੁਜੀ ਸਾਹਿਬ ਦੇ ਪੰਜ ਪਾਠ ਤੇ ਮੂਲ ਮੰਤਰ ਸਾਹਿਬ ਦਾ ਜਾਪ ਕਰਦੀ ਹੈ।